Punjab Weather Report: ਨਵੀਂ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਪੰਜਾਬ ਵਿੱਚ ਮੌਸਮ ਵਿੱਚ ਤਬਦੀਲੀ ਆਉਣ ਵਾਲੀ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਅਤੇ ਵੀਰਵਾਰ ਨੂੰ ਪੰਜਾਬ 'ਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਰਾਤ ਦੇ ਤਾਪਮਾਨ ਵਿੱਚ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਅਤੇ ਦਿਨ ਦੇ ਤਾਪਮਾਨ ਵਿੱਚ ਇੱਕ ਤੋਂ ਦੋ ਡਿਗਰੀ ਸੈਲਸੀਅਸ ਦੀ ਗਿਰਾਵਟ ਆ ਸਕਦੀ ਹੈ। ਇਸ ਦੇ ਨਾਲ ਹੀ ਧੁੰਦ ਦਾ ਕਹਿਰ ਵੀ ਵਧੇਗਾ। ਵੀਰਵਾਰ ਤੋਂ ਬਾਅਦ ਅਗਲੇ ਚਾਰ ਦਿਨਾਂ ਯਾਨੀ 1 ਦਸੰਬਰ ਤੋਂ 4 ਦਸੰਬਰ ਤੱਕ ਮੌਸਮ ਖੁਸ਼ਕ ਰਹੇਗਾ।
ਚੰਡੀਗੜ੍ਹ 'ਚ ਮੰਗਲਵਾਰ ਨੂੰ ਹਲਕੀ ਬਾਰਿਸ਼ ਹੋਈ ਪਰ ਪੰਜਾਬ 'ਚ ਕਿਤੇ ਵੀ ਮੀਂਹ ਨਹੀਂ ਪਿਆ। ਪਰ, ਸੂਰਜ ਦਿਨ ਭਰ ਲੁਕਣਮੀਚੀ ਖੇਡਦਾ ਰਿਹਾ। ਦਿਨ ਦੇ ਤਾਪਮਾਨ 'ਚ 3.6 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਜਦਕਿ ਘੱਟੋ-ਘੱਟ ਤਾਪਮਾਨ 'ਚ 0.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।
ਪਠਾਨਕੋਟ ਵਿੱਚ ਸਭ ਤੋਂ ਘੱਟ ਤਾਪਮਾਨ 11.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 12.8, ਲੁਧਿਆਣਾ ਦਾ 11.7, ਪਟਿਆਲਾ ਦਾ 13.2, ਬਠਿੰਡਾ ਦਾ 14.0, ਫਰੀਦਕੋਟ ਦਾ 14.0, ਜਲੰਧਰ ਦਾ 11.4, ਮੋਗਾ ਦਾ 13.4 ਅਤੇ ਰੋਪੜ ਦਾ 13.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਪੰਜਾਬ 'ਚ ਬਦਲਦੇ ਮੌਸਮ ਦਾ ਅਸਰ AQI 'ਤੇ ਸਾਫ ਦਿਖਾਈ ਦੇ ਰਿਹਾ ਹੈ। ਪੂਰੇ ਸੂਬੇ 'ਚ ਕਈ ਥਾਵਾਂ 'ਤੇ ਬੱਦਲ ਛਾਏ ਰਹਿਣ ਅਤੇ ਤੇਜ਼ ਹਵਾਵਾਂ ਦੇ ਨਾਲ-ਨਾਲ ਬਾਰਿਸ਼ ਪੈਣ ਕਾਰਨ ਵੱਡੀ ਰਾਹਤ ਮਿਲੀ ਹੈ। ਐਤਵਾਰ ਨੂੰ ਬਠਿੰਡਾ ਦਾ AQI 359 ਯਾਨੀ ਰੈੱਡ ਜ਼ੋਨ 'ਤੇ ਦਰਜ ਕੀਤਾ ਗਿਆ ਸੀ, ਜੋ ਅੱਜ 299 ਅੰਕਾਂ 'ਤੇ ਆ ਗਿਆ ਹੈ ਯਾਨੀ ਕਿ ਆਰੇਂਜ ਕੈਟਾਗਰੀ 'ਚ।
ਪੀਪੀਸੀਬੀ ਦੇ ਮਾਹਿਰਾਂ ਅਨੁਸਾਰ ਹਲਕੀ ਬਾਰਿਸ਼ ਕਾਰਨ ਵਾਯੂਮੰਡਲ ਵਿੱਚੋਂ ਜ਼ਹਿਰੀਲੇ ਕਣਾਂ ਦੇ ਬਾਹਰ ਨਿਕਲਣ ਕਾਰਨ ਹਵਾ ਵਿੱਚ ਸੁਧਾਰ ਹੋਇਆ ਹੈ। ਦੂਜੇ ਪਾਸੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਮੰਗਲਵਾਰ ਨੂੰ ਪੰਜਾਬ ਦੇ ਛੇ ਜ਼ਿਲ੍ਹਿਆਂ ਵਿੱਚ ਪਰਾਲੀ ਸਾੜਨ ਦੇ 18 ਮਾਮਲੇ ਸਾਹਮਣੇ ਆਏ ਹਨ। ਸੀਜ਼ਨ ਦੌਰਾਨ ਪਰਾਲੀ ਸਾੜਨ ਦਾ ਅੰਕੜਾ 36 ਹਜ਼ਾਰ 632 ਹੋ ਗਿਆ ਹੈ।