ਪਿਛਾਲੇ ਕੁੱਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਤੋਂ ਪ੍ਰੇਸ਼ਾਨ ਪੰਜਾਬੀਆਂ ਦੇ ਲਈ ਮੌਸਮ ਵਿਭਾਗ ਵੱਲੋਂ ਵੱਡੀ ਖਬਰ ਸਾਹਮਣੇ ਆਈ ਹੈ। ਜੀ ਹਾਂ ਪੰਜਾਬ 'ਚ ਅਗਲੇ 5 ਦਿਨਾਂ ਲਈ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਨਹੀਂ ਹੈ। ਇਹ ਸੂਬੇ ਲਈ ਇੱਕ ਰਾਹਤਭਰੀ ਖ਼ਬਰ ਹੈ। ਇਸੇ ਦਰਮਿਆਨ ਸੂਬੇ 'ਚ ਬਚਾਅ ਕਾਰਜ ਤੇਜ਼ ਹੋ ਗਏ ਹਨ। ਅੰਮ੍ਰਿਤਸਰ ਦੇ ਰਮਦਾਸ 'ਚ ਰਾਵੀ ਕਾਰਨ ਟੁੱਟੇ ਧੁੱਸੀ ਬੰਨ੍ਹ ਨੂੰ ਭਰਨ ਦੇ ਯਤਨ ਵੀ ਸ਼ੁਰੂ ਹੋ ਚੁੱਕੇ ਹਨ। ਪਠਾਨਕੋਟ ਤੋਂ ਤਰਨਤਾਰਨ ਤੱਕ ਪਾਣੀ ਵਿੱਚ ਕਮੀ ਦੇਖਣ ਨੂੰ ਮਿਲੀ ਹੈ।

Continues below advertisement

ਦੂਜੇ ਪਾਸੇ ਪਹਾੜਾਂ 'ਚ ਹੋ ਰਹੀ ਬਾਰਿਸ਼ ਨਾਲ ਬੰਨ੍ਹਾਂ ਦਾ ਜਲਸਤਹ ਵਧ ਗਿਆ ਹੈ। ਵੀਰਵਾਰ ਸ਼ਾਮ 5 ਵਜੇ ਭਾਖੜਾ ਡੈਮ ਦਾ ਜਲਸਤਹ ਲਗਭਗ 1679.05 ਫੁੱਟ ਦਰਜ ਕੀਤਾ ਗਿਆ, ਜੋ ਹੁਣ ਖਤਰੇ ਦੇ ਨਿਸ਼ਾਨ ਤੋਂ ਇੱਕ ਫੁੱਟ ਤੋਂ ਵੀ ਘੱਟ ਹੈ। ਮੌਜੂਦਾ ਹਾਲਾਤਾਂ ਨੂੰ ਵੇਖਦਿਆਂ ਭਾਖੜਾ ਤੋਂ ਆਮ ਤੋਂ 15 ਹਜ਼ਾਰ ਕਿਊਸੈਕ ਵੱਧ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਨਾਲ ਜਲਸਤਹ ਹੋਰ ਵੱਧ ਰਿਹਾ ਹੈ।

Continues below advertisement

ਹਾਲਾਂਕਿ ਭਾਖੜਾ ਵਿੱਚ ਪਾਣੀ ਦੀ ਆਵਕ ਲਗਭਗ 95 ਹਜ਼ਾਰ ਕਿਊਸੈਕ ਦੇ ਨੇੜੇ ਹੈ, ਜਦਕਿ ਨਿਕਾਸੀ ਨੂੰ ਇਸ ਵੇਲੇ 85 ਹਜ਼ਾਰ ਕਿਊਸੈਕ ਤੱਕ ਹੀ ਰੱਖਿਆ ਜਾ ਰਿਹਾ ਹੈ। ਇਸ ਕਾਰਨ ਬੰਨ ਦਾ ਜਲਸਤਹ ਹੋਰ ਵੱਧਣ ਦੀ ਆਸ਼ੰਕਾ ਹੈ।

ਭਾਖੜਾ ਤੋਂ ਛੱਡੇ ਗਏ ਪਾਣੀ ਦਾ ਅਸਰ ਰੂਪਨਗਰ ਤੋਂ ਲੈ ਕੇ ਲੁਧਿਆਣਾ ਅਤੇ ਉਸ ਤੋਂ ਅੱਗੇ ਹਰਿਕੇ ਹੈਡਵਰਕ ਤੱਕ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨ ਲੁਧਿਆਣਾ ਦੇ ਸਸਰਾਲੀ ਪਿੰਡ ਵਿੱਚ ਧੁੱਸੀ ਬੰਨ੍ਹ ਦੀ ਮਿੱਟੀ ਖਿਸਕ ਗਈ, ਜਿਸ ਤੋਂ ਬਾਅਦ ਉਥੇ ਆਰਮੀ ਨੂੰ ਬੁਲਾਇਆ ਗਿਆ।

ਘੱਗਰ-ਨਰਵਾਣਾ ਦਰਿਆ ਦਾ ਬੰਨ੍ਹ ਟੁੱਟ ਜਾਣ ਕਾਰਨ ਘਨੌਰ ਪਿੰਡ ਦੇ ਨੇੜੇ ਪੂਰਾ ਇਲਾਕਾ ਪਾਣੀ ਵਿੱਚ ਡੁੱਬ ਗਿਆ ਹੈ। ਇਸੇ ਤਰ੍ਹਾਂ ਰਾਜਪੁਰਾ ਦੇ ਨੇੜਲੇ ਪਿੰਡਾਂ ਵਿੱਚ ਵੀ ਪਿਛਲੇ ਚਾਰ ਦਿਨਾਂ ਤੋਂ ਸੜਕ ਸੰਪਰਕ ਪੂਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਆਵਾਜਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

23 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ

ਪੰਜਾਬ ਦੇ 23 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ। ਇਨ੍ਹਾਂ ਵਿੱਚ ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਲੇਰਕੋਟਲਾ, ਮਨਸਾ, ਮੋਗਾ, ਪਠਾਨਕੋਟ, ਪਟਿਆਲਾ, ਰੂਪਨਗਰ, ਨਵਾਂਸ਼ਹਿਰ, ਮੋਹਾਲੀ, ਸੰਗਰੂਰ ਅਤੇ ਮੁਕਤਸਰ ਸ਼ਾਮਲ ਹਨ।

1902 ਪਿੰਡ ਹੜ੍ਹ ਦੀ ਚਪੇਟ 'ਚ

ਰਾਜ ਦੇ ਕੁੱਲ 1902 ਪਿੰਡ ਹੜ੍ਹ ਦੀ ਚਪੇਟ 'ਚ ਹਨ। ਇਨ੍ਹਾਂ ਵਿੱਚ ਅਮ੍ਰਿਤਸਰ ਦੇ 190, ਗੁਰਦਾਸਪੁਰ ਦੇ 329, ਬਰਨਾਲਾ ਦੇ 121, ਬਠਿੰਡਾ ਦੇ 21, ਫਿਰੋਜ਼ਪੁਰ ਦੇ 102, ਹੁਸ਼ਿਆਰਪੁਰ ਦੇ 168, ਕਪੂਰਥਲਾ ਦੇ 144, ਪਠਾਨਕੋਟ ਦੇ 88, ਮੋਗਾ ਦੇ 52, ਜਲੰਧਰ ਦੇ 64, ਫਾਜ਼ਿਲਕਾ ਦੇ 77, ਫਰੀਦਕੋਟ ਦੇ 15, ਲੁਧਿਆਣਾ ਦੇ 52, ਮੁਕਤਸਰ ਦੇ 23, ਐਸ.ਬੀ.ਐਸ. ਨਗਰ ਦੇ 28, ਐਸ.ਏ.ਐਸ. ਨਗਰ ਦੇ 15, ਸੰਗਰੂਰ ਦੇ 115 ਅਤੇ ਮਨਸਾ ਦੇ 95 ਪਿੰਡ ਸਭ ਤੋਂ ਵੱਧ ਪ੍ਰਭਾਵਿਤ ਹਨ। ਇਸ ਤੋਂ ਇਲਾਵਾ, ਮਲੇਰਕੋਟਲਾ ਦੇ 12, ਪਟਿਆਲਾ ਦੇ 85, ਰੂਪਨਗਰ ਦੇ 44 ਅਤੇ ਤਰਨਤਾਰਨ ਦੇ 70 ਪਿੰਡ ਵੀ ਪਾਣੀ ਨਾਲ ਘਿਰੇ ਹੋਏ ਹਨ।

ਕੁੱਲ 3,84,205 ਤੋਂ ਵੱਧ ਲੋਕ ਹੁਣ ਤੱਕ ਹੜ੍ਹ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਸਭ ਤੋਂ ਵੱਧ ਅਸਰ ਅੰਮ੍ਰਿਤਸਰ (1,35,880), ਗੁਰਦਾਸਪੁਰ (1,45,000) ਅਤੇ ਫਾਜ਼ਿਲਕਾ (24,212) ਵਿੱਚ ਵੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ, ਕਪੂਰਥਲਾ, ਮੋਗਾ, ਸੰਗਰੂਰ ਅਤੇ ਮੋਹਾਲੀ ਵਿੱਚ ਵੀ ਹਜ਼ਾਰਾਂ ਲੋਕ ਸੰਕਟ 'ਚ ਹਨ।

ਅਜੇ ਤੱਕ 12 ਜ਼ਿਲ੍ਹਿਆਂ ਵਿੱਚ 43 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ (5), ਬਰਨਾਲਾ (5), ਬਠਿੰਡਾ (4), ਹੁਸ਼ਿਆਰਪੁਰ (7), ਲੁਧਿਆਣਾ (4), ਮਾਨਸਾ (3), ਪਠਾਨਕੋਟ (6), ਗੁਰਦਾਸਪੁਰ (2), ਐਸ.ਏ.ਐਸ. ਨਗਰ (2), ਫਿਰੋਜ਼ਪੁਰ (1), ਫਾਜ਼ਿਲਕਾ (1), ਰੂਪਨਗਰ (1), ਪਟਿਆਲਾ (1) ਅਤੇ ਸੰਗਰੂਰ (1) ਸ਼ਾਮਲ ਹਨ। ਪਠਾਨਕੋਟ ਜ਼ਿਲ੍ਹੇ ਤੋਂ 3 ਲੋਕ ਅਜੇ ਵੀ ਲਾਪਤਾ ਹਨ। ਇਸੇ ਦੌਰਾਨ ਪਸ਼ੂ-ਧਨ ਹਾਨੀ ਦਾ ਸਹੀ ਅੰਕੜਾ ਸਾਹਮਣੇ ਨਹੀਂ ਆਇਆ, ਪਰ ਵੱਡੀ ਗਿਣਤੀ ਵਿੱਚ ਪਸ਼ੂ ਹੜ੍ਹ ਦੀ ਚਪੇਟ ਵਿੱਚ ਆਏ ਹਨ।ਕੁੱਲ 20,972 ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਇਨ੍ਹਾਂ ਵਿੱਚ ਫਿਰੋਜ਼ਪੁਰ ਤੋਂ 3804, ਅੰਮ੍ਰਿਤਸਰ ਤੋਂ 2734, ਬਰਨਾਲਾ ਤੋਂ 539, ਹੁਸ਼ਿਆਰਪੁਰ ਤੋਂ 1615, ਕਪੂਰਥਲਾ ਤੋਂ 1428, ਜਲੰਧਰ ਤੋਂ 511, ਮੋਗਾ ਤੋਂ 145, ਰੂਪਨਗਰ ਤੋਂ 245, ਪਠਾਨਕੋਟ ਤੋਂ 1139 ਅਤੇ ਤਰਨਤਾਰਨ ਤੋਂ 21 ਲੋਕ ਸ਼ਾਮਲ ਹਨ।

ਸੂਬੇ ਭਰ ਵਿੱਚ 196 ਰਾਹਤ ਕੈਂਪ ਚਲ ਰਹੇ ਹਨ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਤਿਹਗੜ੍ਹ ਸਾਹਿਬ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਮੋਹਾਲੀ, ਪਠਾਨਕੋਟ, ਪਟਿਆਲਾ, ਰੂਪਨਗਰ, ਸੰਗਰੂਰ ਅਤੇ ਐਸ.ਏ.ਐਸ. ਨਗਰ ਸ਼ਾਮਲ ਹਨ। ਇਨ੍ਹਾਂ ਕੈਂਪਾਂ ਵਿੱਚ ਇਸ ਸਮੇਂ 6755 ਲੋਕ ਰਹਿ ਰਹੇ ਹਨ।

ਹੜ੍ਹ ਕਾਰਨ ਹੁਣ ਤੱਕ ਪੰਜਾਬ ਦੀ 1,71,819 ਹੈਕਟੇਅਰ ਫ਼ਸਲ ਪ੍ਰਭਾਵਿਤ ਹੋਈ ਹੈ। ਸਭ ਤੋਂ ਵੱਧ ਨੁਕਸਾਨ ਗੁਰਦਾਸਪੁਰ ਵਿੱਚ ਹੋਇਆ ਹੈ, ਜਿੱਥੇ 40,169 ਹੈਕਟੇਅਰ ਖੇਤੀਬਾੜੀ ਪਾਣੀ ਹੇਠ ਆਈ ਹੈ।