Punjab Weather Today: ਪੰਜਾਬ ਦੇ ਬਹੁਤੇ ਦਰਿਆਵਾਂ ਵਿੱਚ ਇੱਕ ਵਾਰ ਫਿਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਕਾਰਨ ਹਿਮਾਚਲ ਪ੍ਰਦੇਸ਼ 'ਚ ਹੋ ਰਹੀ ਬਾਰਸ਼ ਅਤੇ ਡੈਮਾਂ 'ਚੋਂ ਛੱਡਿਆ ਜਾ ਰਿਹਾ ਪਾਣੀ ਹੈ। ਜਿਸ ਕਾਰਨ ਦਰਿਆ ਕਿਨਾਰੇ ਵਾਲੇ ਇਲਾਕਿਆਂ ਵਿੱਚ ਕਾਫੀ ਨੁਕਸਾਨ ਹੋਇਆ ਹੈ। ਦੂਜੇ ਪਾਸੇ ਮੰਗਲਵਾਰ ਨੂੰ ਪੰਜਾਬ ਦੇ ਕੁਝ ਇਲਾਕਿਆਂ 'ਚ ਹੋਈ ਬਾਰਿਸ਼ ਤੋਂ ਬਾਅਦ ਤਾਪਮਾਨ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਅੱਜ ਤੋਂ ਤਿੰਨ ਦਿਨਾਂ ਤੱਕ ਪੰਜਾਬ ਵਿੱਚ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ 3 ਦਿਨਾਂ ਤੱਕ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।


9 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ
ਮੌਸਮ ਵਿਭਾਗ ਨੇ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਐਲਾਨ ਕੀਤਾ ਹੈ। ਜਲੰਧਰ, ਤਰਨਤਾਰਨ, ਕਪੂਰਥਲਾ, ਫਾਜ਼ਿਲਕਾ, ਮੁਕਤਸਰ, ਅੰਮ੍ਰਿਤਸਰ, ਫਰੀਦਕੋਟ, ਮੋਗਾ ਅਤੇ ਫਿਰੋਜ਼ਪੁਰ ਜ਼ਿਲਿਆਂ 'ਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕਈ ਥਾਵਾਂ 'ਤੇ ਰੁਕ-ਰੁਕ ਕੇ ਬਾਰਿਸ਼ ਜਾਰੀ ਰਹੇਗੀ, ਜਿਸ ਕਾਰਨ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਇਲਾਵਾ ਹਿਮਾਚਲ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਪੰਜਾਬ ਦੇ ਦਰਿਆਵਾਂ 'ਚ ਪਾਣੀ ਦਾ ਪੱਧਰ ਹੋਰ ਵਧ ਸਕਦਾ ਹੈ। ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਰੋਜ਼ਾਨਾ 1 ਤੋਂ 2 ਫੁੱਟ ਵਧਣ ਦਾ ਅਨੁਮਾਨ ਹੈ।


ਸਾਵਧਾਨੀ ਵਰਤਣ ਦੀ ਅਪੀਲ
ਮੌਸਮ ਵਿਭਾਗ ਵੱਲੋਂ ਜਾਰੀ ਮੀਂਹ ਦੀ ਚੇਤਾਵਨੀ ਤੋਂ ਬਾਅਦ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਬਰਸਾਤ ਦੌਰਾਨ ਵਾਹਨ ਚਲਾਉਣ ਤੋਂ ਗੁਰੇਜ਼ ਕਰਨ, ਦਰੱਖਤਾਂ ਦੇ ਹੇਠਾਂ ਪਨਾਹ ਨਾ ਲੈਣ, ਪਾਣੀ ਦੇ ਸਰੋਤਾਂ ਦੇ ਨੇੜੇ ਨਾ ਜਾਣ ਅਤੇ ਲੋੜ ਪੈਣ 'ਤੇ ਬਿਨਾਂ ਕਾਰਨ ਘਰੋਂ ਬਾਹਰ ਨਾ ਨਿਕਲਣ।


ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਮੁੜ ਸ਼ੁਰੂ
ਦੂਜੇ ਪਾਸੇ ਮੰਗਲਵਾਰ ਨੂੰ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਸਥਿਤ ਕਰਤਾਰਪੁਰ ਲਾਂਘੇ ਤੋਂ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਰਾਵੀ ਨਦੀ ਦੇ ਪਾਣੀ ਦਾ ਪੱਧਰ ਵਧਣ ਕਾਰਨ ਲਾਂਘੇ 'ਚ ਪਾਣੀ ਆ ਗਿਆ ਸੀ, ਜਿਸ ਕਾਰਨ ਯਾਤਰਾ ਰੋਕ ਦਿੱਤੀ ਗਈ ਸੀ। ਜਿਸ ਨੂੰ ਹੁਣ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ।