Punjab Weather Today: ਹਿਮਾਚਾਲ ਪ੍ਰਦੇਸ਼ ਵਿੱਚ ਰੁਕਿਆ ਹੋਇਆ ਮਾਨਸੂਨ ਐਤਵਾਰ ਨੂੰ ਅੱਗੇ ਵਧਦਿਆ ਅਤੇ ਪਠਾਨਕੋਟ ਰਾਹੀਂ ਪੰਜਾਬ ਵਿੱਚ ਦਾਖਲ ਹੋ ਗਿਆ। ਬੀਤੇ ਦਿਨ ਪੰਜਾਬ ਦੇ ਕਈ ਜ਼ਿਲਿਆਂ — ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਪਠਾਨਕੋਟ ਤੇ ਫਿਰੋਜ਼ਪੁਰ — ਵਿੱਚ ਮੀਂਹ ਦੀ ਰਿਪੋਰਟ ਆਈ। ਮੀਂਹ ਤੋਂ ਬਾਅਦ ਅੱਜ ਪੰਜਾਬ ਵਿੱਚ ਔਸਤਨ ਅਧਿਕਤਮ ਤਾਪਮਾਨ ਵਿੱਚ 0.7 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ। ਹਾਲਾਂਕਿ ਤਾਪਮਾਨ ਹਾਲੇ ਵੀ ਆਮ ਨਾਲੋਂ 3.3 ਡਿਗਰੀ ਸੈਲਸੀਅਸ ਘੱਟ ਰਿਹਾ। ਐਤਵਾਰ ਨੂੰ ਪੰਜਾਬ ਦੇ ਬਠਿੰਡਾ ਵਿੱਚ ਸਭ ਤੋਂ ਵੱਧ 39.0°C ਅਧਿਕਤਮ ਤਾਪਮਾਨ ਦਰਜ ਕੀਤਾ ਗਿਆ।
ਮੀਂਹ ਦੇ ਐਤਵਾਰ ਸ਼ਾਮ 5.30 ਵਜੇ ਤੱਕ ਦੇ ਅੰਕੜਿਆਂ ਮੁਤਾਬਕ:
ਲੁਧਿਆਣਾ ਵਿੱਚ 49.0 ਮੀਮੀ
ਅੰਮ੍ਰਿਤਸਰ ਵਿੱਚ 39.0 ਮੀਮੀ
ਪਠਾਨਕੋਟ ਵਿੱਚ 5.0 ਮੀਮੀ
ਫਿਰੋਜ਼ਪੁਰ ਵਿੱਚ 1.0 ਮੀਮੀ ਮੀਂਹ ਰਿਕਾਰਡ ਹੋਇਆ।
26 ਤੱਕ ਪੰਜਾਬ 'ਚ ਮੀਂਹ ਦਾ ਅਲਰਟ
ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ 26 ਜੂਨ ਤੱਕ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।
23 ਜੂਨ: ਜ਼ਿਆਦਾਤਰ ਪੰਜਾਬ ਵਿੱਚ ਕੋਈ ਵੱਡੀ ਚੇਤਾਵਨੀ ਨਹੀਂ, ਪਰ ਪਠਾਨਕੋਟ, ਅੰਮ੍ਰਿਤਸਰ, ਨਵਾਂਸ਼ਹਿਰ ਅਤੇ ਕੁਝ ਹੋਰ ਜ਼ਿਲ੍ਹਿਆਂ ਵਿੱਚ ਹਲਕੀ ਬੂੰਦਾਂ-ਬਾਂਦੀ ਹੋ ਸਕਦੀ।
24 ਜੂਨ: ਵਧੇਰੇ ਜ਼ਿਲ੍ਹਿਆਂ ਵਿੱਚ ਗੜਗੜਾਹਟ ਨਾਲ ਮੀਂਹ ਦੀ ਚੇਤਾਵਨੀ, ਖਾਸ ਕਰਕੇ ਫਿਰੋਜ਼ਪੁਰ, ਫਾਜ਼ਿਲਕਾ, ਮੋਹਾਲੀ, ਨਵਾਂਸ਼ਹਿਰ, ਹੁਸ਼ਿਆਰਪੁਰ ਆਦਿ ਵਿੱਚ।
25 ਜੂਨ: ਉੱਤਰੀ ਅਤੇ ਪੂਰਬੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ। ਇਨ੍ਹਾਂ ਜ਼ਿਲ੍ਹਿਆਂ ਵਿੱਚ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ।
26 ਜੂਨ: ਸਾਰੇ ਪੰਜਾਬ ਵਿੱਚ ਹਲਕੇ ਤੋਂ ਦਰਮਿਆਨੇ ਗੜਗੜਾਹਟ ਵਾਲੇ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਭਾਖੜਾ ਅਤੇ ਪੌਂਗ ਡੈਮ ਵਿੱਚ ਪਾਣੀ ਦੀ ਲੈਵਲ ਹਾਲੇ ਵੀ ਘੱਟ
ਭਾਵੇਂ ਭਾਰੀ ਮੀਂਹ ਪਿਆ ਹੋਇਆ ਹੈ, ਪਰ ਭਾਖੜਾ ਅਤੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਹਜੇ ਵੀ ਆਮ ਮਿਆਰ ਨਾਲੋਂ ਕਾਫੀ ਘੱਟ ਬਣਿਆ ਹੋਇਆ ਹੈ।
ਸ਼ਨੀਵਾਰ ਨੂੰ ਭਾਖੜਾ ਡੈਮ ਵਿੱਚ ਪਾਣੀ ਦੀ ਲੈਵਲ 1,560.32 ਫੁੱਟ ਦਰਜ ਕੀਤੀ ਗਈ, ਜੋ ਕਿ ਪਿਛਲੇ ਸਾਲ 21 ਜੂਨ ਦੇ ਮੁਕਾਬਲੇ ਲਗਭਗ 25 ਫੁੱਟ ਘੱਟ ਹੈ।
ਡੈਮ ਵਿੱਚ ਪਾਣੀ ਦਾ ਆਉਣ ਵਾਲਾ ਵਹਾਅ (inflow) 32,699 ਕਿਊਸੈਕ ਰਿਕਾਰਡ ਕੀਤਾ ਗਿਆ, ਜਦਕਿ ਪਿਛਲੇ ਸਾਲ ਇਸੇ ਦਿਨ ਇਹ 34,525 ਕਿਊਸੈਕ ਸੀ।
ਹਾਲਾਂਕਿ ਪੰਜਾਬ ਅਤੇ ਹਰਿਆਣਾ ਵਿੱਚ ਝੋਨੇ ਦੀ ਟ੍ਰਾਂਸਪਲਾਂਟੇਸ਼ਨ ਕਾਰਨ ਸਿੰਚਾਈ ਦੀ ਮੰਗ ਵਧ ਗਈ ਹੈ, ਜਿਸ ਨੂੰ ਲੱਖ ਰੱਖਦੇ ਹੋਏ 34,500 ਕਿਊਸੈਕ ਪਾਣੀ ਛੱਡਿਆ ਗਿਆ, ਜੋ ਕਿ ਆਉਣ ਵਾਲੇ ਪਾਣੀ ਨਾਲੋਂ ਵੀ ਵੱਧ ਸੀ।
ਪੌਂਗ ਡੈਮ ਦੀ ਪਾਣੀ ਦੀ ਲੈਵਲ 1,288.76 ਫੁੱਟ ਰਹੀ, ਜੋ ਪਿਛਲੇ ਸਾਲ ਦੇ ਮੁਕਾਬਲੇ 21 ਫੁੱਟ ਘੱਟ ਹੈ। ਪਿਛਲੇ ਸਾਲ ਇਸੇ ਦਿਨ ਇਹ ਪੱਧਰ 1,309.60 ਫੁੱਟ ਸੀ।
ਹਾਲਾਂਕਿ, ਹਿਮਾਚਲ ਪ੍ਰਦੇਸ਼ ਦੇ ਉੱਚੇ ਇਲਾਕਿਆਂ ਵਿੱਚ ਸ਼ੁਰੂਆਤੀ ਮੀਂਹ ਕਾਰਨ ਪਾਣੀ ਦਾ ਵਹਾਅ (inflow) 16,602 ਕਿਊਸੈਕ ਤੱਕ ਪਹੁੰਚ ਗਿਆ, ਜੋ ਕਿ ਪਿਛਲੇ ਸਾਲ ਦੇ 5,389 ਕਿਊਸੈਕ ਨਾਲੋਂ ਕਈ ਗੁਣਾ ਵੱਧ ਹੈ। ਭਾਖੜਾ-ਬਿਆਸ ਮੈਨੇਜਮੈਂਟ ਬੋਰਡ (BBMB) ਦੇ ਅਨੁਸਾਰ, 20 ਮਈ ਤੋਂ 15 ਸਤੰਬਰ ਤੱਕ ਦੀ ਮਿਆਦ ਦੋਹਾਂ ਡੈਮਾਂ ਲਈ ਭਰਨ ਦੇ ਸਮੇਂ ਵਜੋਂ ਮੰਨੀ ਜਾਂਦੀ ਹੈ। ਜੇਕਰ ਇਸ ਮੌਸਮ ਵਿੱਚ ਮਾਨਸੂਨੀ ਮੀਂਹ ਸਧਾਰਨ ਰਿਹਾ, ਤਾਂ ਡੈਮਾਂ ਦੇ ਪਾਣੀ ਦੇ ਪੱਧਰ ਵਿੱਚ ਸੁਧਾਰ ਦੀ ਉਮੀਦ ਹੈ।
ਪੰਜਾਬ ਦੇ ਸ਼ਹਿਰਾਂ ਵਿੱਚ ਅੱਜ ਦਾ ਮੌਸਮ
ਅੰਮ੍ਰਿਤਸਰ – ਆਸਮਾਨ 'ਚ ਬੱਦਲ ਛਾਏ ਰਹਿਣਗੇ। ਮੀਂਹ ਪੈਣ ਦੇ ਵੀ ਅਸਾਰ ਹਨ। ਤਾਪਮਾਨ 29 ਤੋਂ 34 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣ ਦੀ ਸੰਭਾਵਨਾ ਹੈ।
ਜਲੰਧਰ – ਬੱਦਲ ਛਾਏ ਰਹਿਣਗੇ। ਮੀਂਹ ਹੋ ਸਕਦਾ ਹੈ। ਤਾਪਮਾਨ 28 ਤੋਂ 34 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।
ਲੁਧਿਆਣਾ – ਆਸਮਾਨ 'ਚ ਬੱਦਲ ਛਾਏ ਰਹਿਣਗੇ। ਮੀਂਹ ਪੈਣ ਦੀ ਸੰਭਾਵਨਾ ਹੈ। ਤਾਪਮਾਨ 27 ਤੋਂ 35 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ।
ਪਟਿਆਲਾ – ਬੱਦਲ ਛਾਏ ਰਹਿਣਗੇ। ਮੀਂਹ ਪੈਣ ਦੇ ਵੀ ਅਸਾਰ ਹਨ। ਤਾਪਮਾਨ 28 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਮੋਹਾਲੀ – ਆਸਮਾਨ 'ਚ ਬੱਦਲ ਛਾਏ ਰਹਿਣਗੇ। ਮੀਂਹ ਹੋ ਸਕਦਾ ਹੈ। ਤਾਪਮਾਨ 27 ਤੋਂ 33 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ।