(Source: ECI | ABP NEWS)
Punjab Weather Today: ਪੰਜਾਬ 'ਚ ਰਾਤ ਦੇ ਤਾਪਮਾਨ 'ਚ ਗਿਰਾਵਟ, ਵਧੇਗੀ ਠੰਡ, 4 ਨਵੰਬਰ ਨੂੰ ਐਕਟਿਵ ਹੋਵੇਗਾ ਵੈਸਟਰਨ ਡਿਸਟਰਬੈਂਸ, 2 ਦਿਨ ਮੀਂਹ ਦੇ ਆਸਾਰ
ਪੰਜਾਬ 'ਚ ਰਾਤ ਦੇ ਤਾਪਮਾਨ 'ਚ 1.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ 'ਚ ਤਾਪਮਾਨ ਹੋਰ ਘਟੇਗਾ, ਜਿਸ ਨਾਲ ਠੰਡ ਵਧੇਗੀ। 4 ਨਵੰਬਰ ਨੂੰ ਨਵਾਂ ਵੈਸਟਰਨ ਡਿਸਟਰਬੈਂਸ ਐਕਟਿਵ ਹੋਵੇਗਾ।

ਪੰਜਾਬ 'ਚ ਰਾਤ ਦੇ ਤਾਪਮਾਨ 'ਚ 1.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ 'ਚ ਤਾਪਮਾਨ ਹੋਰ ਘਟੇਗਾ, ਜਿਸ ਨਾਲ ਠੰਡ ਵਧੇਗੀ। 4 ਨਵੰਬਰ ਨੂੰ ਨਵਾਂ ਵੈਸਟਰਨ ਡਿਸਟਰਬੈਂਸ ਐਕਟਿਵ ਹੋਵੇਗਾ। ਇਸ ਤੋਂ ਬਾਅਦ ਪਹਾੜੀ ਇਲਾਕਿਆਂ 'ਚ ਬਰਫਬਾਰੀ ਅਤੇ ਮੀਂਹ ਦੀ ਸੰਭਾਵਨਾ ਹੈ। ਵੈਸਟਰਨ ਡਿਸਟਰਬੈਂਸ ਦਾ ਅਸਰ ਪੰਜਾਬ 'ਤੇ ਵੀ ਪਵੇਗਾ ਅਤੇ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ 'ਚ ਮੀਂਹ ਹੋ ਸਕਦਾ ਹੈ। ਪਰ ਪ੍ਰਦੂਸ਼ਣ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ।
ਵੈਸਟਰਨ ਡਿਸਟਰਬੈਂਸ ਕਰਕੇ ਪੰਜਾਬ 'ਚ ਪਏਗਾ ਮੀਂਹ
ਮੌਸਮ ਵਿਭਾਗ ਦੇ ਅਨੁਸਾਰ, ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਤੋਂ ਬਾਅਦ ਰਾਜ ਦੇ ਤਾਪਮਾਨ 'ਚ ਹੋਰ ਗਿਰਾਵਟ ਆ ਸਕਦੀ ਹੈ। ਹਿਮਾਚਲ ਵਿੱਚ ਬਰਫਬਾਰੀ ਅਤੇ ਮੀਂਹ ਤੋਂ ਬਾਅਦ ਉੱਥੋਂ ਆਉਣ ਵਾਲੀਆਂ ਠੰਢੀਆਂ ਹਵਾਵਾਂ ਕਾਰਨ ਪੰਜਾਬ ਵਿੱਚ ਠੰਡ ਹੋਰ ਵਧੇਗੀ। 4 ਨਵੰਬਰ ਤੋਂ ਐਕਟਿਵ ਹੋ ਰਿਹਾ ਇਹ ਵੈਸਟਰਨ ਡਿਸਟਰਬੈਂਸ ਪੰਜਾਬ ਵਿੱਚ ਵੀ ਮੀਂਹ ਲਿਆ ਸਕਦਾ ਹੈ।
2 ਦਿਨ ਮੀਂਹ ਦੇ ਆਸਾਰ
4 ਨਵੰਬਰ ਨੂੰ ਰਾਜ ਦੇ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ, 5 ਨਵੰਬਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਮੀਂਹ ਦੇ ਆਸਾਰ ਬਣ ਰਹੇ ਹਨ। ਇਹ ਮੀਂਹ ਹਲਕਾ ਤੇ ਸਧਾਰਨ ਹੋ ਸਕਦਾ ਹੈ।
ਪੰਜਾਬ ਦੇ ਸ਼ਹਿਰਾਂ ਦੀ ਹਵਾ ਦੀ ਗੁਣਵੱਤਾ (AQI):
ਪੰਜਾਬ ਦੇ ਕਈ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਖ਼ਰਾਬ ਪਾਈ ਗਈ ਹੈ। ਅੰਮ੍ਰਿਤਸਰ ਦਾ ਔਸਤ AQI 98 ਰਿਹਾ, ਜੋ ਵੱਧ ਤੋਂ ਵੱਧ 148 ਤੱਕ ਗਿਆ। ਬਠਿੰਡਾ ਦਾ ਔਸਤ 166 ਅਤੇ ਵੱਧ ਤੋਂ ਵੱਧ 303 ਦਰਜ ਕੀਤਾ ਗਿਆ। ਜਲੰਧਰ ਵਿੱਚ AQI 184 ਰਿਹਾ ਅਤੇ 319 ਤੱਕ ਪਹੁੰਚ ਗਿਆ। ਖੰਨਾ ਵਿੱਚ ਹਵਾ ਦੀ ਗੁਣਵੱਤਾ ਸਭ ਤੋਂ ਖ਼ਰਾਬ ਰਹੀ, ਜਿੱਥੇ ਔਸਤ 243 ਅਤੇ ਵੱਧ ਤੋਂ ਵੱਧ 327 ਰਿਹਾ।
ਲੁਧਿਆਣਾ ਵਿੱਚ AQI 176 ਰਿਹਾ ਤੇ 253 ਤੱਕ ਪਹੁੰਚਿਆ। ਮੰਡੀ ਗੋਬਿੰਦਗੜ੍ਹ ਵਿੱਚ ਔਸਤ 205 ਤੇ ਵੱਧ ਤੋਂ ਵੱਧ 464 ਰਿਹਾ। ਪਟਿਆਲਾ ਦਾ AQI 209 ਤੇ ਵੱਧ ਤੋਂ ਵੱਧ 367 ਰਿਹਾ। ਸਭ ਤੋਂ ਚਿੰਤਾਜਨਕ ਸਥਿਤੀ ਰੂਪਨਗਰ ਵਿੱਚ ਦੇਖੀ ਗਈ, ਜਿੱਥੇ AQI ਔਸਤ 140 ਰਿਹਾ ਪਰ 500 ਦੇ ਖ਼ਤਰਨਾਕ ਪੱਧਰ ਤੱਕ ਪਹੁੰਚ ਗਿਆ।
ਪ੍ਰਦੂਸ਼ਣ ਤੋਂ ਅਜੇ ਰਾਹਤ ਨਹੀਂ
ਪੰਜਾਬ 'ਚ ਬਣੀ ਹਵਾ ਦੀ ਠਹਿਰਾਅ (ਏਅਰ ਲਾਕ) ਸਥਿਤੀ ਕਾਰਨ ਪ੍ਰਦੂਸ਼ਣ ਤੋਂ ਅਜੇ ਰਾਹਤ ਮਿਲਦੀ ਨਹੀਂ ਦਿਖ ਰਹੀ। ਰਾਜ ਵਿੱਚ ਚੱਲ ਰਹੀਆਂ ਹਵਾਵਾਂ ਦੀ ਰਫ਼ਤਾਰ ਵੀ ਬਹੁਤ ਹੌਲੀ ਹੈ। ਇਸਦੇ ਨਾਲ ਹੀ ਪੂਰੇ ਰਾਜ ਵਿੱਚ ਖੁਲ੍ਹ ਕੇ ਮੀਂਹ ਪੈਣ ਦੇ ਆਸਾਰ ਵੀ ਨਹੀਂ ਹਨ। 4-5 ਨਵੰਬਰ ਨੂੰ ਜੋ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਜਾ ਰਿਹਾ ਹੈ, ਉਹ ਵੀ ਸਿਰਫ਼ ਕੁਝ ਜ਼ਿਲ੍ਹਿਆਂ ਤੱਕ ਹੀ ਸੀਮਿਤ ਰਹੇਗਾ। ਇਸ ਤੋਂ ਇਲਾਵਾ, ਨਵੰਬਰ ਦੇ ਜ਼ਿਆਦਾਤਰ ਦਿਨ ਸੁੱਕੇ ਰਹਿਣ ਦੀ ਸੰਭਾਵਨਾ ਹੈ।
ਹਫ਼ਤੇ ਭਰ ਸਧਾਰਣ ਰਹੇਗਾ ਤਾਪਮਾਨ
ਮੌਸਮ ਵਿਭਾਗ ਦੇ ਅਨੁਸਾਰ, 6 ਨਵੰਬਰ ਤੱਕ ਪੰਜਾਬ 'ਚ ਵੱਧ ਤੋਂ ਵੱਧ ਤਾਪਮਾਨ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ 'ਚ 26 ਤੋਂ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ, ਜਦਕਿ ਰਾਜ ਦੇ ਹੋਰ ਹਿੱਸਿਆਂ 'ਚ ਇਹ 30 ਤੋਂ 32 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ। ਇਸ ਦੌਰਾਨ ਤਾਪਮਾਨ ਆਮ ਦਰਜੇ ਦੇ ਆਲੇ-ਦੁਆਲੇ ਹੀ ਰਹੇਗਾ।
ਘੱਟ ਤੋਂ ਘੱਟ ਤਾਪਮਾਨ ਉੱਤਰੀ ਅਤੇ ਪੂਰਬੀ ਜ਼ਿਲ੍ਹਿਆਂ 'ਚ 10 ਤੋਂ 12 ਡਿਗਰੀ, ਪਠਾਨਕੋਟ ਜ਼ਿਲ੍ਹੇ 'ਚ 8 ਤੋਂ 10 ਡਿਗਰੀ ਅਤੇ ਬਾਕੀ ਇਲਾਕਿਆਂ 'ਚ 12 ਤੋਂ 14 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦਾ ਅੰਦਾਜ਼ਾ ਹੈ। ਕੁੱਲ ਮਿਲਾ ਕੇ, ਇਸ ਹਫ਼ਤੇ ਦਿਨ ਤੇ ਰਾਤ ਦੋਵੇਂ ਦਾ ਤਾਪਮਾਨ ਸਧਾਰਣ ਹੀ ਰਹੇਗਾ।





















