ਚੱਕਰਵਾਤੀ ਤੂਫ਼ਾਨ ਮੋਂਥਾ ਦੇ ਕਮਜ਼ੋਰ ਪੈਣ ਤੋਂ ਬਾਅਦ ਪੰਜਾਬ ਵਿੱਚ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਤਾਪਮਾਨ ਦੇ ਨਾਲ-ਨਾਲ ਪ੍ਰਦੂਸ਼ਣ ਦੀ ਪੱਧਰ ਵੀ ਵਧੀ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ, ਰਾਜ ਦਾ ਅਧਿਕਤਮ ਤਾਪਮਾਨ 1.5 ਡਿਗਰੀ ਤੇ ਘੱਟੋ-ਘੱਟ ਤਾਪਮਾਨ 0.6 ਡਿਗਰੀ ਵਧਿਆ ਹੈ, ਜਿਸ ਕਾਰਨ ਰਾਤ ਦਾ ਤਾਪਮਾਨ ਸਧਾਰਨ ਤੋਂ ਲਗਭਗ 2.9 ਡਿਗਰੀ ਵੱਧ ਹੋ ਗਿਆ ਹੈ।
ਇਸ ਵਜ੍ਹਾ ਕਰਕੇ ਬਣੀ ਸਮੌਗ ਦੀ ਸਥਿਤੀ
ਮੋਂਥਾ ਦੇ ਕਮਜ਼ੋਰ ਹੋਣ ਤੋਂ ਬਾਅਦ ਪੰਜਾਬ ਵਿੱਚ ਹਵਾਵਾਂ ਦੀ ਗਤੀ ਹੌਲੀ ਹੋ ਗਈ ਹੈ ਅਤੇ ਉਨ੍ਹਾਂ ਦੀ ਦਿਸ਼ਾ ਵੀ ਬਦਲ ਗਈ ਹੈ। ਇਸ ਕਾਰਨ ਸਮੌਗ ਦੀ ਸਥਿਤੀ ਬਣ ਰਹੀ ਹੈ। ਅੰਮ੍ਰਿਤਸਰ ਤੋਂ ਇਲਾਵਾ ਹੋਰ ਸਾਰੇ ਜ਼ਿਲ੍ਹਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਵਧ ਰਿਹਾ ਹੈ। ਜਲੰਧਰ ਦੀ ਸਥਿਤੀ ਸਭ ਤੋਂ ਖਰਾਬ ਹੈ, ਜਿੱਥੇ AQI 200 ਤੋਂ ਵੱਧ ਦਰਜ ਹੋਇਆ ਹੈ, ਜਿਸ ਕਰਕੇ ਉੱਥੇ ਔਂਰਜੇ ਅਲਰਟ (Orange Alert) ਜਾਰੀ ਕੀਤਾ ਗਿਆ ਹੈ।
ਅਗਲੇ ਦੋ ਦਿਨਾਂ ਬਾਅਦ ਤਾਪਮਾਨ ‘ਚ 3 ਡਿਗਰੀ ਤੱਕ ਦੀ ਗਿਰਾਵਟ ਆ ਸਕਦੀ ਹੈ
ਮੌਸਮ ਵਿਭਾਗ ਵੱਲੋਂ ਜਾਰੀ ਬੁਲੇਟਿਨ ਅਨੁਸਾਰ, ਪੰਜਾਬ ਵਿੱਚ ਅਗਲੇ ਦੋ ਦਿਨਾਂ ਤੱਕ ਹਲਕੀ ਤੋਂ ਮੱਧਮ ਧੁੰਦ ਬਣੀ ਰਹਿ ਸਕਦੀ ਹੈ। ਘੱਟੋ-ਘੱਟ ਤਾਪਮਾਨ ਵਿੱਚ ਅਗਲੇ ਤਿੰਨ ਦਿਨਾਂ ਤੱਕ ਕੋਈ ਵੱਡਾ ਬਦਲਾਅ ਨਹੀਂ ਆਵੇਗਾ। ਇਸ ਤੋਂ ਬਾਅਦ ਤਾਪਮਾਨ ਵਿੱਚ 2 ਤੋਂ 3 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ, ਜਿਸ ਨਾਲ ਸਵੇਰ ਤੇ ਸ਼ਾਮ ਨੂੰ ਹਲਕੀ ਠੰਢ ਵਧਣ ਦੇ ਆਸਾਰ ਹਨ।
ਇਸ ਵੇਲੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਮੌਸਮ ਸਾਫ਼ ਤੇ ਸੁਹਾਵਣਾ ਬਣਿਆ ਹੋਇਆ ਹੈ। ਅੰਮ੍ਰਿਤਸਰ ਵਿੱਚ ਅਧਿਕਤਮ ਤਾਪਮਾਨ 29°C ਤੇ ਨਿਊਨਤਮ 16°C ਦਰਜ ਕੀਤਾ ਗਿਆ ਹੈ, ਜਿੱਥੇ ਧੁੱਪ ਖਿਲੇਗੀ। ਜਲੰਧਰ ਵਿੱਚ ਵੀ 29°C ਅਧਿਕਤਮ ਅਤੇ 16°C ਨਿਊਨਤਮ ਤਾਪਮਾਨ ਰਹੇਗਾ, ਸਾਫ਼ ਮੌਸਮ ਨਾਲ ਹਲਕੀ ਧੁੱਪ ਰਹੇਗੀ। ਲੁਧਿਆਣਾ ਵਿੱਚ ਤਾਪਮਾਨ 32°C ਤੱਕ ਜਾ ਸਕਦਾ ਹੈ ਅਤੇ ਧੁੱਪ ਰਹੇਗੀ। ਪਟਿਆਲਾ ਵਿੱਚ 30°C ਅਧਿਕਤਮ ਅਤੇ 16°C ਨਿਊਨਤਮ ਤਾਪਮਾਨ ਰਹੇਗਾ, ਮੌਸਮ ਸਾਫ਼ ਰਹੇਗਾ। ਮੋਹਾਲੀ ਵਿੱਚ 31°C ਅਧਿਕਤਮ ਤੇ 21°C ਨਿਊਨਤਮ ਤਾਪਮਾਨ ਰਹੇਗਾ ਅਤੇ ਸਾਫ਼, ਸੁੱਕਾ ਮੌਸਮ ਬਣਿਆ ਰਹੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।