Punjab Weather Today: ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਅਨੁਮਾਨ ਮੁਤਾਬਕ ਜੁਲਾਈ 2025 ਦੌਰਾਨ ਪੰਜਾਬ ਰਾਜ ਵਿੱਚ ਮੌਸਮ ਸਧਾਰਣ ਤੋਂ ਬਿਹਤਰ ਰਹਿਣ ਦੀ ਸੰਭਾਵਨਾ ਹੈ। ਸੂਬੇ ਭਰ ਵਿੱਚ ਮਹੀਨਾਵਾਰੀ ਔਸਤ ਵਰਖਾ ਸਧਾਰਣ ਜਾਂ ਸਧਾਰਣ ਤੋਂ ਵੱਧ ਰਹਿ ਸਕਦੀ ਹੈ। ਇਸਦਾ ਅਰਥ ਹੈ ਕਿ ਜੁਲਾਈ ਵਿੱਚ ਚੰਗੇ ਮੀਂਹ ਦੀ ਸੰਭਾਵਨਾ ਹੈ, ਜੋ ਕਿ ਕਿਸਾਨਾਂ ਲਈ ਖੁਸ਼ਖਬਰੀ ਹੈ, ਖ਼ਾਸ ਕਰਕੇ ਝੋਨੇ ਦੀ ਫ਼ਸਲ ਲਈ ਇਹ ਮੌਸਮ ਵਧੀਆ ਮੰਨਿਆ ਜਾ ਰਿਹਾ ਹੈ।

ਤਾਪਮਾਨ ਦੇ ਮਾਮਲੇ ਵਿੱਚ ਵੀ ਪੰਜਾਬ ਨੂੰ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਦੇ ਅਨੁਸਾਰ, ਸੂਬੇ ਵਿੱਚ ਮਹੀਨਾਵਾਰੀ ਔਸਤ ਵੱਧਤਮ ਤਾਪਮਾਨ ਸਧਾਰਣ ਤੋਂ ਘੱਟ ਰਹੇਗਾ। ਦਿਨ ਦੇ ਸਮੇਂ ਭਾਰੀ ਗਰਮੀ ਤੋਂ ਬਚਾਵ ਰਹੇਗਾ ਅਤੇ ਲੂ ਪੈਣ ਦੀ ਸੰਭਾਵਨਾ ਵੀ ਬਹੁਤ ਘੱਟ ਹੈ। ਇਸਦੇ ਨਾਲ ਹੀ ਰਾਤ ਦਾ ਤਾਪਮਾਨ ਵੀ ਸਧਾਰਣ ਜਾਂ ਥੋੜ੍ਹਾ ਘੱਟ ਰਹਿਣ ਦੀ ਉਮੀਦ ਹੈ। ਇਸਦਾ ਕਾਰਨ ਲਗਾਤਾਰ ਹੋ ਰਹੀ ਵਰਖਾ ਹੋ ਸਕਦੀ ਹੈ, ਜਿਸ ਨਾਲ ਰਾਤਾਂ ਦਾ ਮੌਸਮ ਠੰਢਾ ਅਤੇ ਆਰਾਮਦਾਇਕ ਰਹਿ ਸਕਦਾ ਹੈ।

ਅੱਜ ਪੰਜਾਬ ਲਈ ਕੋਈ ਅਲਰਟ ਨਹੀਂ

ਮੌਸਮ ਵਿਭਾਗ ਵੱਲੋਂ ਅੱਜ ਪੰਜਾਬ ਲਈ ਕਿਸੇ ਵੀ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ। ਲੰਘੇ ਦਿਨ ਸਿਰਫ਼ ਹੁਸ਼ਿਆਰਪੁਰ ਵਿੱਚ 8.5 ਮੀਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦਕਿ ਹੋਰ ਜ਼ਿਲ੍ਹਿਆਂ ਵਿੱਚ ਮੌਸਮ ਆਮ ਰਿਹਾ। ਇਸਦੇ ਚਲਦੇ ਸੂਬੇ ਦੇ ਵੱਧਤਮ ਤਾਪਮਾਨ ਵਿੱਚ ਕਰੀਬ 5 ਡਿਗਰੀ ਦੀ ਵਾਧੂ ਹੋਈ। ਹਾਲਾਂਕਿ ਤਾਪਮਾਨ ਫਿਰ ਵੀ ਸਧਾਰਣ ਹੀ ਰਿਹਾ। ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 37.3 ਡਿਗਰੀ ਦਰਜ ਕੀਤਾ ਗਿਆ। ਦੂਜੇ ਪਾਸੇ, ਅੱਜ ਸਵੇਰੇ ਅੰਮ੍ਰਿਤਸਰ ਵਿੱਚ ਅਚਾਨਕ ਮੀਂਹ ਪਿਆ, ਜਿਸ ਕਾਰਨ ਮੌਸਮ ਠੰਢਾ ਹੋ ਗਿਆ ਅਤੇ ਤਾਪਮਾਨ ਵਿੱਚ ਕਮੀ ਆਈ।

5 ਜੁਲਾਈ ਨੂੰ ਮੀਂਹ ਪੈਣ ਦੀ ਸੰਭਾਵਨਾ

ਸਿਰਫ ਅੱਜ ਹੀ ਨਹੀਂ, ਸ਼ੁੱਕਰਵਾਰ 5 ਜੁਲਾਈ ਨੂੰ ਵੀ ਪੰਜਾਬ 'ਚ ਮੀਂਹ ਨੂੰ ਲੈ ਕੇ ਕੋਈ ਅਲਰਟ ਨਹੀਂ ਜਾਰੀ ਕੀਤਾ ਗਿਆ। ਪਰ 5 ਜੁਲਾਈ ਤੋਂ ਸੂਬੇ ਵਿੱਚ ਦੁਬਾਰਾ ਮੀਂਹ ਦੀ ਸੰਭਾਵਨਾ ਬਣ ਰਹੀ ਹੈ। ਖ਼ਾਸ ਕਰਕੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ 7 ਜ਼ਿਲਿਆਂ- ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ ਅਤੇ ਫਤਿਹਗੜ੍ਹ ਸਾਹਿਬ ਵਿੱਚ ਮੀਂਹ ਦੇ ਆਸਾਰ ਹਨ।

ਇਸਦੇ ਨਾਲ ਹੀ 6 ਜੁਲਾਈ, ਸ਼ਨੀਵਾਰ ਨੂੰ ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਇਕ ਵਾਰ ਫਿਰ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੀਂਹ ਦਾ ਇਹ ਦੌਰ 8 ਜੁਲਾਈ ਤੱਕ ਜਾਰੀ ਰਹਿਣ ਦੀ ਉਮੀਦ ਹੈ।

ਪੰਜਾਬ ਦੇ ਸ਼ਹਿਰਾਂ ਦਾ ਤਾਪਮਾਨ

ਅੰਮ੍ਰਿਤਸਰ – ਸ਼ਹਿਰ ਵਿੱਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਮੀਂਹ ਦੇ ਵੀ ਆਸਾਰ ਹਨ। ਤਾਪਮਾਨ 28 ਤੋਂ 33 ਡਿਗਰੀ ਸੈਲਸੀਅਸ ਦੇ ਦਰਮਿਆਨ ਰਹਿਣ ਦੀ ਉਮੀਦ ਹੈ।

ਜਲੰਧਰ – ਇੱਥੇ ਵੀ ਬੱਦਲ ਛਾਏ ਰਹਿਣਗੇ ਅਤੇ ਮੀਂਹ ਹੋਣ ਦੀ ਸੰਭਾਵਨਾ ਹੈ। ਤਾਪਮਾਨ 28 ਤੋਂ 32 ਡਿਗਰੀ ਦੇ ਵਿਚਕਾਰ ਰਹੇਗਾ।

ਲੁਧਿਆਣਾ – ਇੱਥੇ ਵੀ ਮੌਸਮ ਵਿੱਚ ਬਦਲਾਅ ਦੇ ਅਸਾਰ ਹਨ। ਬੱਦਲ ਛਾਏ ਰਹਿਣਗੇ ਅਤੇ ਮੀਂਹ ਹੋ ਸਕਦਾ ਹੈ। ਤਾਪਮਾਨ 27 ਤੋਂ 33 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਪਟਿਆਲਾ – ਸ਼ਹਿਰ ਵਿੱਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਮੀਂਹ ਦੇ ਵੀ ਆਸਾਰ ਹਨ। ਤਾਪਮਾਨ 28 ਤੋਂ 34 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ।

ਮੋਹਾਲੀ – ਇੱਥੇ ਵੀ ਬੱਦਲ ਛਾਏ ਰਹਿਣਗੇ ਅਤੇ ਮੀਂਹ ਹੋਣ ਦੀ ਸੰਭਾਵਨਾ ਹੈ। ਤਾਪਮਾਨ 27 ਤੋਂ 33 ਡਿਗਰੀ ਦੇ ਦਰਮਿਆਨ ਰਹੇਗਾ।