ਵੈਸਟਨ ਡਿਸਟਰਬਨ ਸਰਗਰਮ ਹੋਣ ਦੇ ਬਾਅਦ ਸੋਮਵਾਰ ਨੂੰ ਰਾਜ ਵਿੱਚ ਹੋਈ ਬਾਰਿਸ਼ ਕਾਰਨ ਪੰਜਾਬ ਵਿੱਚ 24 ਘੰਟਿਆਂ ਵਿੱਚ ਤਾਪਮਾਨ ਵਿੱਚ 8.1 ਡਿਗਰੀ ਦੀ ਕਮੀ ਦਰਜ ਕੀਤੀ ਗਈ। ਇਸ ਨਾਲ ਰਾਜ ਦਾ ਅਧਿਕਤਮ ਤਾਪਮਾਨ ਆਮ ਤੋਂ 9 ਡਿਗਰੀ ਘੱਟ ਰਿਹਾ। ਰਾਜ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 28.1 ਡਿਗਰੀ ਦਰਜ ਕੀਤਾ ਗਿਆ। ਆਓ ਜਾਣਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਵੇਂ ਦਾ ਰਹੇਗਾ ਮੌਸਮ।
ਅੱਜ ਯੈਲੋ ਅਲਰਟ ਜਾਰੀ
ਪੰਜਾਬ ਦੇ 12 ਜ਼ਿਲਿਆਂ ਵਿੱਚ ਅੱਜ ਯਾਨੀਕਿ 7 ਅਕਤੂਬਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਸੰਗਰੂਰ, ਪਟਿਆਲਾ, ਫ਼ਤਿਹਗੜ੍ਹ ਸਾਹਿਬ, ਮੋਹਾਲੀ, ਲੁਧਿਆਣਾ, ਰੂਪਨਗਰ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਇਹ ਅਲਰਟ ਜਾਰੀ ਹੈ। ਇੱਥੇ ਤੇਜ਼ ਬਾਰਿਸ਼ ਦੇ ਨਾਲ-ਨਾਲ 40 ਕਿਮੀ ਪ੍ਰਤੀ ਘੰਟਾ ਤੱਕ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਜਦਕਿ ਹੋਰ ਜ਼ਿਲਿਆਂ ਵਿੱਚ ਮੌਸਮ ਆਮ ਰਹਿਣ ਦੀ ਸੰਭਾਵਨਾ ਹੈ। ਤੜਕ ਸਵੇੇਰੇ ਕਈ ਜ਼ਿਲ੍ਹਿਆਂ ਦੇ ਵਿੱਚ ਹਲਕੀ ਬਾਰਿਸ਼ ਹੋਈ, ਦੱਸ ਦਈਏ ਜਲੰਧਰ ਤੜਕ ਸਵੇਰ ਤੋਂ ਹੀ ਤੇਜ਼ ਮੀਂਹ ਪੈ ਰਿਹਾ ਹੈ। ਜਿਸ ਕਰਕੇ ਲੋਕ ਚਿੰਤਤ ਹਨ।
ਡੈਮਾਂ ਦਾ ਪਾਣੀ ਘਟਿਆ, ਰਾਹਤ ਮਿਲੀ
ਪੱਛਮੀ ਦਬਾਅ ਦੇ ਬਾਅਦ ਡੈਮਾਂ ਵਿੱਚ ਪਾਣੀ ਦੇ ਪੱਧਰ ਨੂੰ ਘਟਾਉਣ ਲਈ ਫਲੱਡ ਗੇਟ ਖੋਲ੍ਹੇ ਗਏ ਸਨ, ਜਿਨ੍ਹਾਂ ਰਾਹੀਂ ਲਗਾਤਾਰ ਪਾਣੀ ਵਹਿ ਰਿਹਾ ਸੀ। ਪਰ, ਰਾਹਤ ਦੀ ਗੱਲ ਇਹ ਹੈ ਕਿ ਹੁਣ ਪਾਣੀ ਦਾ ਪੱਧਰ ਘਟਣ ਦੇ ਨਾਲ ਪਾਣੀ ਦੀ ਨਿਕਾਸੀ ਵਿੱਚ ਵੀ ਕਮੀ ਕੀਤੀ ਜਾ ਰਹੀ ਹੈ।
ਡੈਮਾਂ ਦਾ ਪਾਣੀ ਜਾਣੋ –
ਰਾਜ ਦੀਆਂ ਤਿੰਨ ਪ੍ਰਮੁੱਖ ਨਦੀਆਂ ਸਤਲੁਜ, ਬਿਆਸ ਅਤੇ ਰਾਵੀ ’ਤੇ ਬਣੇ ਡੈਮਾਂ ਵਿੱਚ ਇਸ ਸਮੇਂ ਪਾਣੀ ਦਾ ਪੱਧਰ ਆਮ ਤੋਂ ਉੱਪਰ ਹੈ। ਸੋਮਵਾਰ ਸਵੇਰੇ 6 ਵਜੇ ਤੱਕ ਪ੍ਰਾਪਤ ਅੰਕੜਿਆਂ ਮੁਤਾਬਕ ਭਾਖੜਾ, ਪੋਂਗ ਅਤੇ ਥੀਨ (ਰਣਜੀਤ ਸਾਗਰ) ਡੈਮ ਵਿੱਚ ਪਾਣੀ ਦਾ ਭੰਡਾਰ ਪਿਛਲੇ ਸਾਲ ਦੀ ਤੁਲਨਾ ਵਿੱਚ ਵੱਧ ਹੈ।
ਸਤਲੁਜ ਨਦੀ ’ਤੇ ਬਣੇ ਭਾਖੜਾ ਡੈਮ ਵਿੱਚ ਵੱਧ ਤੋਂ ਵੱਧ ਭਰਨ ਦਾ ਪੱਧਰ 1685 ਫੁੱਟ ਹੈ ਅਤੇ ਕੁੱਲ ਭੰਡਾਰਣ ਸਮਰੱਥਾ 5.918 MAF ਹੈ। ਸੋਮਵਾਰ ਸਵੇਰੇ 6 ਵਜੇ ਤੱਕ ਡੈਮ ਦਾ ਪਾਣੀ 1670.67 ਫੁੱਟ ਦਰਜ ਕੀਤਾ ਗਿਆ, ਜਿਸ ਵਿੱਚ 5.349 MAF ਪਾਣੀ ਮੌਜੂਦ ਹੈ। ਇਹ ਕੁੱਲ ਸਮਰੱਥਾ ਦਾ 90.39 ਫੀਸਦੀ ਹੈ। ਪਿਛਲੇ ਸਾਲ ਇਸੇ ਦਿਨ ਪਾਣੀ ਦਾ ਪੱਧਰ 1648.14 ਫੁੱਟ ਅਤੇ ਭੰਡਾਰਣ 4.517 MAF ਸੀ। ਇਸ ਸਮੇਂ ਭਾਖੜਾ ਵਿੱਚ 24,327 ਕਿਊਸੈਕ ਪਾਣੀ ਦੀ ਆਵਕ ਹੋ ਰਹੀ ਹੈ, ਜਦਕਿ ਨਿਕਾਸੀ 40,272 ਕਿਊਸੈਕ ਦਰਜ ਕੀਤੀ ਗਈ ਹੈ।
ਪੋਂਗ ਡੈਮ ਦਾ ਵੱਧ ਤੋਂ ਵੱਧ ਭਰਨ ਪੱਧਰ 1400 ਫੁੱਟ ਹੈ
ਬਿਆਸ ਨਦੀ ’ਤੇ ਬਣੇ ਪੋਂਗ ਡੈਮ ਦਾ ਵੱਧ ਤੋਂ ਵੱਧ ਭਰਨ ਪੱਧਰ 1400 ਫੁੱਟ ਹੈ ਅਤੇ ਇਸਦੀ ਕੁੱਲ ਸਮਰੱਥਾ 6.127 MAF ਹੈ। ਅੱਜ ਸਵੇਰੇ 6 ਵਜੇ ਪਾਣੀ ਦਾ ਪੱਧਰ 1385.87 ਫੁੱਟ ਅਤੇ ਭੰਡਾਰਣ 5.262 MAF ਰਿਹਾ, ਜੋ ਕੁੱਲ ਸਮਰੱਥਾ ਦਾ 85.88 ਫੀਸਦੀ ਹੈ। ਪਿਛਲੇ ਸਾਲ ਇਸੇ ਦਿਨ ਪਾਣੀ ਦਾ ਪੱਧਰ 1363.51 ਫੁੱਟ ਅਤੇ ਭੰਡਾਰਣ 4.041 MAF ਸੀ। ਅੱਜ ਪੋਂਗ ਡੈਮ ਵਿੱਚ 6,963 ਕਿਊਸੈਕ ਪਾਣੀ ਦੀ ਆਵਕ ਅਤੇ 49,202 ਕਿਊਸੈਕ ਦੀ ਨਿਕਾਸੀ ਦਰਜ ਕੀਤੀ ਗਈ ਹੈ।
ਰਾਵੀ ਨਦੀ ’ਤੇ ਸਥਿਤ ਥੀਨ (ਰਣਜੀਤ ਸਾਗਰ) ਡੈਮ ਦੀ ਵੱਧ ਤੋਂ ਵੱਧ ਭਰਨ ਸਮਰੱਥਾ 1731.98 ਫੁੱਟ ਅਤੇ ਭੰਡਾਰਣ ਸਮਰੱਥਾ 2.663 MAF ਹੈ। ਸੋਮਵਾਰ ਸਵੇਰੇ 6 ਵਜੇ ਪਾਣੀ ਦਾ ਪੱਧਰ 1707.24 ਫੁੱਟ ਅਤੇ ਭੰਡਾਰਣ 2.175 MAF ਦਰਜ ਕੀਤਾ ਗਿਆ, ਜੋ ਕੁੱਲ ਸਮਰੱਥਾ ਦਾ 81.67 ਫੀਸਦੀ ਹੈ। ਪਿਛਲੇ ਸਾਲ ਇਸੇ ਦਿਨ ਪਾਣੀ ਦਾ ਪੱਧਰ 1634.46 ਫੁੱਟ ਅਤੇ ਭੰਡਾਰਣ 1.207 MAF ਸੀ। ਅੱਜ ਇਸ ਡੈਮ ਵਿੱਚ 4,215 ਕਿਊਸੈਕ ਪਾਣੀ ਦੀ ਆਵਕ ਅਤੇ 23,666 ਕਿਊਸੈਕ ਨਿਕਾਸੀ ਹੋ ਰਹੀ ਹੈ।