Punjab Weather Report: ਕੱਲ੍ਹ ਤੋਂ ਫਿਰ ਮੌਸਮ ਕਰਵਟ ਲਏਗਾ। ਦੋ ਦਿਨਾਂ ਦੀ ਬਾਰਸ਼ ਮਗਰੋਂ ਮੌਸਮ ਸਾਫ ਹੋਣ ਨਾਲ ਪਾਰਾ ਚੜ੍ਹ ਸਕਦਾ ਹੈ। ਮੌਸਮ ਵਿਭਾਗ ਦੇ ਤਾਜ਼ਾ ਅਲਰਟ ਮੁਤਾਬਕ ਅੱਜ ਵੀ ਪੰਜਾਬ ਤੇ ਹਰਿਆਣਾ 'ਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ 'ਚ ਗਿਰਾਵਟ ਆਵੇਗੀ। ਹਾਲਾਂਕਿ 31 ਜਨਵਰੀ ਤੋਂ ਧੁੱਪ ਨਿਕਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੌਸਮ ਸਾਫ ਹੋ ਜਾਏਗਾ।


ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾ: ਮਨਮੋਹਨ ਸ਼ਰਮਾ ਨੇ ਦੱਸਿਆ ਕਿ 31 ਜਨਵਰੀ ਤੋਂ ਮੌਸਮ ਖੁੱਲ੍ਹਣ ਦੀ ਸੰਭਾਵਨਾ ਹੈ। ਭਵਿੱਖਬਾਣੀ ਮੁਤਾਬਕ 30 ਜਨਵਰੀ ਨੂੰ ਕਈ ਥਾਵਾਂ 'ਤੇ ਮੀਂਹ ਪਵੇਗਾ ਤੇ ਧੁੰਦ ਵੀ ਛਾਈ ਰਹੇਗੀ। 31 ਜਨਵਰੀ ਤੋਂ 2 ਫਰਵਰੀ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।



ਦੱਸ ਦਈਏ ਕਿ ਪਹਾੜਾਂ 'ਤੇ ਬਰਫਬਾਰੀ ਤੇ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ ਮੈਦਾਨੀ ਖੇਤਰ ਫਿਰ ਤੋਂ ਠੰਢ ਦੀ ਲਪੇਟ 'ਚ ਆ ਗਏ ਹਨ। ਐਤਵਾਰ ਨੂੰ ਪੰਜਾਬ ਤੇ ਹਰਿਆਣਾ ਵਿੱਚ ਰੁਕ-ਰੁਕ ਕੇ ਮੀਂਹ ਪਿਆ। ਇਸ ਕਾਰਨ ਕਈ ਸ਼ਹਿਰਾਂ ਦਾ ਤਾਪਮਾਨ ਆਮ ਨਾਲੋਂ ਹੇਠਾਂ ਰਿਹਾ। ਅੱਜ ਵੀ ਪੰਜਾਬ ਤੇ ਹਰਿਆਣਾ 'ਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ 'ਚ ਗਿਰਾਵਟ ਆਵੇਗੀ। 



ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਪਿੰਡ ਬੁੱਧ ਸਿੰਘ ਵਾਲਾ ਐਤਵਾਰ ਨੂੰ ਸਭ ਤੋਂ ਠੰਢਾ ਰਿਹਾ। ਇੱਥੇ ਘੱਟੋ-ਘੱਟ ਤਾਪਮਾਨ 1.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਥੇ ਹੀ ਹਰਿਆਣਾ ਦੇ ਬਾਲਸਮੰਦ 'ਚ ਰਾਤ ਦਾ ਤਾਪਮਾਨ 2.5 ਡਿਗਰੀ ਸੈਲਸੀਅਸ ਰਿਹਾ।


ਕਿਸਾਨਾਂ ਲਈ ਲਾਹੇਵੰਦ


ਪੰਜਾਬ ਵਿੱਚ ਪੈ ਰਹੇ ਮੀਂਹ ਨੇ ਕਣਕ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਰਾਹਤ ਦਿੱਤੀ ਹੈ ਕਿਉਂ ਕਿ ਇਸ ਨਾਲ ਫਸਲ ਲਈ ਲੋੜੀਂਦੇ ਤਾਪਮਾਨ ਵਿੱਚ ਗਿਰਾਵਟ ਆਈ ਹੈ। ਜੋ ਕਿ ਕਣਕ ਲਈ ਲਾਹੇਵੰਦ ਸਾਬਤ ਹੋਵੇਗੀ। ਇਸ ਬਾਬਤ  ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਫਸਲ ਲਈ ਆਦਰਸ਼ ਤਾਪਮਾਨ 15-16 ਡਿਗਰੀ ਸੈਲਸੀਅਸ ਹੈ। ਕਿਉਂਕਿ ਧੁੰਦ ਦੇ ਦਿਨ ਖ਼ਤਮ ਹੋਣ ਦੇ ਨਾਲ ਹੀ ਦਿਨ ਦਾ ਤਾਪਮਾਨ ਵਧਣਾ ਸ਼ੁਰੂ ਹੋ ਗਿਆ ਸੀ। ਪਰ ਮੀਂਹ ਨੇ ਤਾਪਮਾਨ ਨੂੰ ਹੇਠਾਂ ਲਿਆਂਦਾ ਹੈ। ਜੋ ਕਿ ਫ਼ਸਲ ਲਈ ਘਿਓ ਵਾਂਗ ਕੰਮ ਕਰ ਰਿਹਾ ਹੈ।


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।