ਚੱਕਰਵਾਤੀ ਤੂਫਾਨ ਮੋਂਥਾ ਜਿਸ ਨੇ ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਹਾਹਾਕਾਰ ਮੱਚਾਈ ਹੋਈ ਹੈ। ਹੁਣ ਇਸ ਦਾ ਅਸਰ ਪੰਜਾਬ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਇਸ ਕਾਰਨ ਰਾਜ 'ਚ ਮੀਂਹ ਦੇ ਕੋਈ ਆਸਾਰ ਨਹੀਂ ਹਨ, ਪਰ ਹਵਾਵਾਂ ਹੇਠਾਂ ਵੱਲ ਵਹਿਣ ਕਾਰਨ ਕੁਝ ਜ਼ਿਲ੍ਹਿਆਂ ਵਿੱਚ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ ਅਤੇ ਤਾਪਮਾਨ 'ਚ ਕਮੀ ਦਰਜ ਕੀਤੀ ਗਈ ਹੈ। ਹਾਲਾਂਕਿ ਅੱਜ ਹਵਾਵਾਂ ਦੀ ਦਿਸ਼ਾ ਬਦਲੇਗੀ, ਜਿਸ ਨਾਲ ਤਾਪਮਾਨ ਵੱਧ ਸਕਦਾ ਹੈ ਅਤੇ ਪ੍ਰਦੂਸ਼ਣ ਵੀ ਮੁਸੀਬਤ ਬਣ ਸਕਦਾ ਹੈ।

Continues below advertisement

ਮੌਸਮ ਵਿਭਾਗ ਅਨੁਸਾਰ ਹਵਾਵਾਂ ਉੱਤਰ ਤੋਂ ਉੱਤਰ-ਪੂਰਬ ਵੱਲ ਵਹਿ ਰਹੀਆਂ ਹਨ। ਮੱਧ ਪੰਜਾਬ ਵਿੱਚ ਇਹ ਹਵਾਵਾਂ ਉੱਤਰ ਵੱਲ ਦੀਆਂ ਹਨ। ਇਸ ਕਾਰਨ ਅੰਮ੍ਰਿਤਸਰ ਅਤੇ ਬਠਿੰਡਾ ਵਿੱਚ ਪ੍ਰਦੂਸ਼ਣ ਤੋਂ ਰਾਹਤ ਮਿਲੀ ਹੈ ਅਤੇ ਇੱਥੇ ਏਕਿਊਆਈ 100 ਤੋਂ ਹੇਠਾਂ ਪਹੁੰਚ ਗਿਆ ਹੈ। ਪਰ ਮੱਧ ਪੰਜਾਬ ਵਿੱਚ ਹਾਲਤ ਚਿੰਤਾਜਨਕ ਹਨ। ਜਲੰਧਰ, ਖੰਨਾ ਅਤੇ ਲੁਧਿਆਣਾ ਵਿੱਚ ਹਾਲਤ ਖਰਾਬ ਹੈ। ਹਵਾਵਾਂ ਦੀ ਦਿਸ਼ਾ ਕਾਰਨ ਇੱਥੇ ਪ੍ਰਦੂਸ਼ਣ ਤੇਜ਼ੀ ਨਾਲ ਵਧ ਰਿਹਾ ਹੈ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਜ ਅੱਧੇ ਪੰਜਾਬ ਵਿੱਚ ਹਵਾਵਾਂ ਉੱਤਰ ਵੱਲ ਤੇ ਅੱਧੇ ਪੰਜਾਬ ਵਿੱਚ ਦੱਖਣ-ਪੱਛਮ ਵੱਲ ਵਹਿਣਗੀਆਂ, ਜਿਸ ਨਾਲ ਪ੍ਰਦੂਸ਼ਣ ਦੀ ਸਥਿਤੀ ਹੋਰ ਵਿਗੜ ਸਕਦੀ ਹੈ।

Continues below advertisement

ਇਨ੍ਹਾਂ ਸ਼ਹਿਰਾਂ 'ਚ AQI ਦਾ ਮਾੜਾ ਹੀ ਹਾਲ 

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦੂਸ਼ਣ ਦੀ ਸਥਿਤੀ ਵੱਖ-ਵੱਖ ਦਰਜ ਕੀਤੀ ਗਈ ਹੈ। ਅੰਮ੍ਰਿਤਸਰ ਦਾ ਏਕਿਊਆਈ (AQI) 75 ਅਤੇ ਬਠਿੰਡਾ ਦਾ 83 ਦਰਜ ਹੋਇਆ ਹੈ, ਜਿਸ ਨਾਲ ਇਨ੍ਹਾਂ ਦੋਵੇਂ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਠੀਕ ਮੰਨੀ ਜਾ ਰਹੀ ਹੈ। ਪਰ ਜਲੰਧਰ ਅਤੇ ਖੰਨਾ ਵਿੱਚ ਪ੍ਰਦੂਸ਼ਣ ਦੀ ਸਥਿਤੀ ਕਾਫ਼ੀ ਖਰਾਬ ਹੈ, ਦੋਵੇਂ ਥਾਵਾਂ 'ਤੇ ਏਕਿਊਆਈ 236 ਤੱਕ ਪਹੁੰਚ ਗਿਆ ਹੈ। ਲੁਧਿਆਣਾ ਵਿੱਚ ਏਕਿਊਆਈ 133, ਮੰਡੀ ਗੋਬਿੰਦਗੜ੍ਹ ਵਿੱਚ 196, ਪਟਿਆਲਾ ਵਿੱਚ 179 ਅਤੇ ਰੂਪਨਗਰ ਵਿੱਚ 121 ਦਰਜ ਕੀਤਾ ਗਿਆ ਹੈ। ਇਹ ਅੰਕ ਦਰਸਾਉਂਦੇ ਹਨ ਕਿ ਮੱਧ ਅਤੇ ਦੱਖਣੀ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਖਰਾਬ ਹੋ ਰਹੀ ਹੈ, ਜਿਸ ਨਾਲ ਸਿਹਤ 'ਤੇ ਅਸਰ ਪੈ ਸਕਦਾ ਹੈ।

ਚੱਕਰਵਾਤੀ ਤੂਫ਼ਾਨ ਦੇ ਅਸਰ ਕਾਰਨ ਹਵਾਵਾਂ ਹਿਮਾਚਲ ਵੱਲੋਂ ਹੇਠਾਂ ਵਗ ਰਹੀਆਂ ਹਨ, ਜਿਸ ਨਾਲ ਪੰਜਾਬ ਦੇ ਤਾਪਮਾਨ ਵਿੱਚ ਕਮੀ ਦਰਜ ਕੀਤੀ ਗਈ ਹੈ। ਰਾਜ ਵਿੱਚ ਔਸਤ ਤਾਪਮਾਨ 0.6 ਡਿਗਰੀ ਘਟਿਆ ਹੈ, ਜਦਕਿ ਨਿਊਨਤਮ ਤਾਪਮਾਨ ਵਿੱਚ 0.2 ਡਿਗਰੀ ਦੀ ਕਮੀ ਪਾਈ ਗਈ ਹੈ। ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 32.2 ਡਿਗਰੀ ਦਰਜ ਕੀਤਾ ਗਿਆ ਹੈ। ਹਾਲਾਂਕਿ ਅੱਜ ਹਾਲਾਤ ਬਦਲਣ ਦੇ ਆਸਾਰ ਹਨ ਅਤੇ ਅਧਿਕਤਮ ਤਾਪਮਾਨ ਵਿੱਚ 1 ਡਿਗਰੀ ਤੱਕ ਵਾਧਾ ਹੋ ਸਕਦਾ ਹੈ। ਇਹ ਹਵਾ ਦੀ ਦਿਸ਼ਾ ਬਦਲਣ ਕਾਰਨ ਹੋ ਰਿਹਾ ਹੈ।

ਪੰਜਾਬ ਦੇ ਮੁੱਖ ਸ਼ਹਿਰਾਂ ਵਿੱਚ ਅੱਜ ਮੌਸਮ ਸੁਹਾਵਣਾ ਰਹੇਗਾ। ਅੰਮ੍ਰਿਤਸਰ ਵਿੱਚ ਅਧਿਕਤਮ ਤਾਪਮਾਨ 30 ਡਿਗਰੀ ਤੇ ਨਿਊਨਤਮ 17 ਡਿਗਰੀ ਦਰਜ ਹੋਵੇਗਾ, ਇੱਥੇ ਮੌਸਮ ਸਾਫ਼ ਰਹੇਗਾ ਅਤੇ ਧੁੱਪ ਖਿੜੀ ਰਹੇਗੀ। ਜਲੰਧਰ ਵਿੱਚ ਵੀ ਅਧਿਕਤਮ ਤਾਪਮਾਨ 30 ਡਿਗਰੀ ਤੇ ਨਿਊਨਤਮ 17 ਡਿਗਰੀ ਰਹੇਗਾ, ਜਿੱਥੇ ਹਲਕੀ ਧੁੱਪ ਰਹੇਗੀ। ਲੁਧਿਆਣਾ ਵਿੱਚ ਤਾਪਮਾਨ 31 ਡਿਗਰੀ ਅਧਿਕਤਮ ਤੇ 16 ਡਿਗਰੀ ਨਿਊਨਤਮ ਰਹੇਗਾ, ਮੌਸਮ ਧੁੱਪਦਾਰ ਰਹੇਗਾ। ਪਟਿਆਲਾ ਵਿੱਚ 30 ਡਿਗਰੀ ਅਧਿਕਤਮ ਤੇ 18 ਡਿਗਰੀ ਨਿਊਨਤਮ ਤਾਪਮਾਨ ਰਹੇਗਾ, ਮੌਸਮ ਸਾਫ਼ ਰਹੇਗਾ। ਜਦਕਿ ਮੋਹਾਲੀ ਵਿੱਚ ਅਧਿਕਤਮ ਤਾਪਮਾਨ 30 ਡਿਗਰੀ ਅਤੇ ਨਿਊਨਤਮ 19 ਡਿਗਰੀ ਰਹੇਗਾ, ਇੱਥੇ ਮੌਸਮ ਸੁੱਕਾ ਅਤੇ ਸਾਫ਼ ਰਹੇਗਾ।