Punjab Weather Update: ਪੰਜਾਬ ਵਿੱਚ ਗਰਮੀ ਆਪਣਾ ਲਗਾਤਾਰ ਕਹਿਰ ਬਰਪਾ ਰਹੀ ਹੈ। ਲਗਾਤਾਰ ਵੱਧ ਰਹੇ ਤਾਪਮਾਨ ਕਾਰਨ ਆਮ ਜਨਤਾ ਨੂੰ ਕੜਾਕੇ ਦੀ ਧੁੱਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਹਾਲ ਇਹ ਅਸਮਾਨੋਂ ਵਰ੍ਹ ਰਿਹਾ ਗਰਮੀ ਦਾ ਕਹਿਰ ਲੋਕਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਪਰੇਸ਼ਾਨ ਕਰੇਗਾ। ਹਾਲੇ ਇਸ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਦੱਸ ਦੇਈਏ ਕਿ ਪੰਜਾਬ 'ਚ ਅਗਲੇ ਕੁਝ ਦਿਨਾਂ ਤੱਕ ਮੌਸਮ ਖੁਸ਼ਕ ਰਹਿਣ ਵਾਲਾ ਹੈ। ਇਸ ਕਾਰਨ ਸੂਬੇ ਵਿੱਚ 16 ਅਤੇ 17 ਮਈ ਨੂੰ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਹੈ।
ਗਰਮੀ ਦੀ ਲਹਿਰ ਕਰੇਗੀ ਪਰੇਸ਼ਾਨ
ਮੌਸਮ ਵਿਭਾਗ ਮੁਤਾਬਕ ਇਸ ਦੌਰਾਨ ਤਾਪਮਾਨ ਚਾਰ ਡਿਗਰੀ ਤੱਕ ਵਧ ਸਕਦਾ ਹੈ। ਅਜਿਹੇ 'ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਦੱਖਣੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 44 ਤੋਂ 46 ਡਿਗਰੀ ਅਤੇ ਉੱਤਰੀ ਪੰਜਾਬ ਦੇ ਕੁਝ ਹਿੱਸਿਆਂ ਵਿੱਚ 41-44 ਡਿਗਰੀ ਰਹਿ ਸਕਦਾ ਹੈ। ਇਸ ਕਾਰਨ ਗਰਮੀ ਦੀ ਲਹਿਰ ਰਹੇਗੀ ਅਤੇ ਲੋਕਾਂ ਨੂੰ ਇਸ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
ਮੌਸਮ ਵਿਭਾਗ ਨੇ ਲੋਕਾਂ ਲਈ ਐਡਵਾਈਜ਼ਰੀ ਕੀਤੀ ਜਾਰੀ
ਵਿਭਾਗ ਨੇ ਇੱਕ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਤੇਜ਼ ਧੁੱਪ ਤੋਂ ਬਚਣ ਲਈ ਕਿਹਾ ਹੈ। ਪਾਣੀ ਦੀ ਲੋੜੀਂਦੀ ਮਾਤਰਾ ਪੀਓ। ਹਲਕੇ ਰੰਗ ਦੇ ਢਿੱਲੇ ਕੱਪੜੇ ਪਾਓ ਅਤੇ ਆਪਣੇ ਸਿਰ ਨੂੰ ਕੱਪੜੇ, ਟੋਪੀ ਅਤੇ ਛੱਤਰੀ ਨਾਲ ਢੱਕੋ। ਵਿਭਾਗ ਮੁਤਾਬਕ ਲਗਾਤਾਰ 4-5 ਦਿਨ ਮੌਸਮ ਖੁਸ਼ਕ ਰਹੇਗਾ, ਜਿਸ ਕਾਰਨ ਗਰਮੀ ਵਧੇਗੀ। ਇਹ ਬੱਚਿਆਂ, ਬਜ਼ੁਰਗਾਂ ਅਤੇ ਮਰੀਜ਼ਾਂ ਲਈ ਜ਼ਿਆਦਾ ਖ਼ਤਰਨਾਕ ਹੈ, ਇਸ ਲਈ ਉਨ੍ਹਾਂ ਨੂੰ ਇਸ ਤੋਂ ਖਾਸ ਤੌਰ 'ਤੇ ਬਚਣ ਦੀ ਲੋੜ ਹੈ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੀਆਂ ਕੁਝ ਥਾਵਾਂ 'ਤੇ ਮੀਂਹ ਕਾਰਨ ਤਾਪਮਾਨ 'ਚ ਬਦਲਾਅ ਆਇਆ ਹੈ।
ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 40 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਪਟਿਆਲਾ ਵਿੱਚ 39 ਡਿਗਰੀ, ਸਮਰਾਲਾ ਵਿੱਚ 39.1 ਡਿਗਰੀ ਅਤੇ ਮੁਹਾਲੀ ਵਿੱਚ 37.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਪਿਛਲੇ ਕੁੱਲ ਔਸਤ ਅਧਿਕਤਮ ਤਾਪਮਾਨ ਨਾਲੋਂ 0.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।