Punjab News: ਪੰਜਾਬ ਵਿੱਚ ਮੌਸਮ ਬਦਲ ਰਿਹਾ ਹੈ। ਬੱਸ ਦੋ ਦਿਨਾਂ ਦੀ ਗਰਮੀ ਤੋਂ ਬਾਅਦ ਬਾਰਸ਼ ਦਾ ਦੌਰ ਸ਼ੁਰੂ ਹੋ ਜਾਏਗਾ। ਸੂਬੇ ਵਿੱਚ 26 ਜੂਨ ਤੋਂ ਪ੍ਰੀ-ਮਾਨਸੂਨ ਦੇ ਐਕਟਿਵ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ 26 ਤੇ 27 ਜੂਨ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਬੱਦਲ ਛਾਏ ਰਹਿਣਗੇ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ 28 ਜੂਨ ਨੂੰ ਸੂਬੇ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਦਰਅਸਲ ਕੁਝ ਦਿਨਾਂ ਦੀ ਰਾਹਤ ਤੋਂ ਬਾਅਦ ਪੰਜਾਬ 'ਚ ਇੱਕ ਵਾਰ ਫਿਰ ਤਾਪਮਾਨ ਵਧਿਆ ਹੈ। ਇੱਕ ਦਿਨ ਵਿੱਚ ਔਸਤਨ 3.2 ਡਿਗਰੀ ਦਾ ਵਾਧਾ ਹੋਇਆ ਹੈ। ਮੌਸਮ ਵਿਭਾਗ ਨੇ ਇੱਕ ਵਾਰ ਫਿਰ 24 ਤੇ 25 ਜੂਨ ਲਈ ਹੀਟਵੇਵ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਹੈ ਪਰ 26 ਜੂਨ ਤੋਂ ਪ੍ਰੀ ਮਾਨਸੂਨ ਦੀ ਰਾਹਤ ਮਿਲੇਗੀ।
ਮੌਸਮ ਵਿਭਾਗ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਅੱਜ ਵੀ ਤਾਪਮਾਨ ਵਿੱਚ ਮਾਮੂਲੀ ਵਾਧਾ ਦੇਖਣ ਨੂੰ ਮਿਲੇਗਾ। 24-25 ਜੂਨ ਨੂੰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ 40 ਤੋਂ 45 ਡਿਗਰੀ ਦੇ ਵਿਚਕਾਰ ਦਰਜ ਕੀਤਾ ਜਾਵੇਗਾ। ਇਸ ਕਾਰਨ ਹੀਟਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹੀਟਵੇਵ ਦਾ ਅਸਰ ਸਿਰਫ਼ ਦੋ ਦਿਨ ਹੀ ਰਹੇਗਾ।
ਉਥੇ ਹੀ ਜੇਕਰ ਬੀਤੀ ਸ਼ਾਮ ਦੀ ਗੱਲ ਕਰੀਏ ਤਾਂ ਸ਼ਨੀਵਾਰ ਨੂੰ ਪੰਜਾਬ 'ਚ ਸਭ ਤੋਂ ਵੱਧ ਤਾਪਮਾਨ ਸਮਰਾਲਾ 'ਚ ਦਰਜ ਕੀਤਾ ਗਿਆ। ਇੱਥੇ ਵੱਧ ਤੋਂ ਵੱਧ ਤਾਪਮਾਨ 42.9 ਡਿਗਰੀ ਦਰਜ ਕੀਤਾ ਗਿਆ, ਜਦਕਿ ਲੁਧਿਆਣਾ ਸ਼ਹਿਰ ਦਾ ਤਾਪਮਾਨ 41.1 ਡਿਗਰੀ ਰਿਹਾ। ਸ਼ਨੀਵਾਰ ਨੂੰ ਇੱਥੇ ਹੀਟਵੇਵ ਮਹਿਸੂਸ ਕੀਤੀ ਗਈ।
ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 39.4 ਡਿਗਰੀ ਦਰਜ ਕੀਤਾ ਗਿਆ, ਜੋ ਆਮ ਨਾਲੋਂ 1 ਡਿਗਰੀ ਵੱਧ ਸੀ। ਅੱਜ ਹਲਕੇ ਬੱਦਲ ਛਾਏ ਰਹਿਣਗੇ। ਸ਼ਹਿਰ ਦਾ ਤਾਪਮਾਨ 26 ਤੋਂ 38 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ। ਜਲੰਧਰ ਦਾ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਦੇ ਨੇੜੇ ਦਰਜ ਕੀਤਾ ਗਿਆ। ਅੱਜ ਹਲਕੀ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸ਼ਹਿਰ ਦਾ ਤਾਪਮਾਨ 28 ਤੋਂ 40 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ।
ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 41.4 ਡਿਗਰੀ ਰਿਹਾ, ਜੋ ਆਮ ਨਾਲੋਂ 5 ਡਿਗਰੀ ਵੱਧ ਸੀ। ਅੱਜ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਸ਼ਹਿਰ ਦਾ ਤਾਪਮਾਨ 26 ਤੋਂ 40 ਡਿਗਰੀ ਦੇ ਵਿਚਕਾਰ ਰਿਕਾਰਡ ਕੀਤਾ ਜਾ ਸਕਦਾ ਹੈ। ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 40.4 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ 3 ਡਿਗਰੀ ਵੱਧ ਹੈ। ਅੱਜ ਤਾਪਮਾਨ 26 ਤੋਂ 39 ਡਿਗਰੀ ਦੇ ਵਿਚਕਾਰ ਰਿਕਾਰਡ ਕੀਤਾ ਜਾ ਸਕਦਾ ਹੈ।