Punjab Weather Update: ਮਾਰਚ ਤੋਂ ਬਾਅਦ ਅਪ੍ਰੈਲ 'ਚ ਲਗਾਤਾਰ ਪੈ ਰਹੀ ਕੜਾਕੇ ਦੀ ਗਰਮੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਤਾਪਮਾਨ ਆਮ ਨਾਲੋਂ ਅੱਠ ਤੋਂ 11 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਹੈ ਤੇ ਤੇਜ਼ ਗਰਮੀ ਦੀ ਲਹਿਰ ਵੀ ਆ ਗਈ ਹੈ। ਇਸ ਦੇ ਨਾਲ ਹੀ ਗਰਮੀ ਦਾ 51 ਸਾਲਾ ਰਿਕਾਰਡ ਟੁੱਟ ਗਿਆ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਪੰਜਾਬ 'ਚ ਔਰੇਂਜ ਅਲਰਟ ਜਾਰੀ ਕੀਤਾ ਹੈ।



ਭਾਰਤੀ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਬਰਨਾਲਾ ਵਿੱਚ ਵੱਧ ਤੋਂ ਵੱਧ ਤਾਪਮਾਨ 43.8 ਡਿਗਰੀ ਸੈਲਸੀਅਸ, ਬਠਿੰਡਾ 43.4, ਮੁਕਤਸਰ ਤੇ ਫਿਰੋਜ਼ਪੁਰ 43.3, ਪਟਿਆਲਾ 43, ਮੋਗਾ 42.5, ਹੁਸ਼ਿਆਰਪੁਰ 42, ਅੰਮ੍ਰਿਤਸਰ 42.3 ਤੇ ਲੁਧਿਆਣਾ ਵਿੱਚ 41.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਕੇਕੇ ਗਿੱਲ ਅਨੁਸਾਰ ਸਾਲ 1970 ਤੋਂ 2021 ਦੌਰਾਨ ਅਪ੍ਰੈਲ ਦੇ ਪਹਿਲੇ 10 ਦਿਨਾਂ ਵਿੱਚ ਦਿਨ ਦਾ ਤਾਪਮਾਨ ਕਦੇ ਵੀ ਇੰਨਾ ਨਹੀਂ ਸੀ। ਇਹ ਤਾਪਮਾਨ ਆਮ ਨਾਲੋਂ ਅੱਠ ਤੋਂ 11 ਡਿਗਰੀ ਵੱਧ ਹੈ। ਪਿਛਲੇ ਸਾਲਾਂ ਦੌਰਾਨ ਜੇਕਰ ਅਪ੍ਰੈਲ ਦੇ ਪਹਿਲੇ ਹਫ਼ਤੇ ਇੱਕ-ਦੋ ਦਿਨ ਤਾਪਮਾਨ ਆਮ ਨਾਲੋਂ ਵੱਧ ਰਹਿੰਦਾ ਤਾਂ ਪੱਛਮੀ ਗੜਬੜੀ ਦੇ ਸਰਗਰਮ ਹੋਣ ਕਾਰਨ ਲੋਕਾਂ ਨੂੰ ਰਾਹਤ ਮਿਲਦੀ ਸੀ ਪਰ ਇਸ ਵਾਰ ਅਜਿਹਾ ਨਹੀਂ ਹੋਇਆ।

ਵੈਸਟਰਨ ਡਿਸਟਰਬੈਂਸ ਮਾਰਚ ਤੋਂ ਇਕ ਵਾਰ ਵੀ ਸਰਗਰਮ ਨਹੀਂ ਹੋਇਆ ਹੈ ਤੇ ਮਾਰਚ ਤੋਂ ਬਾਅਦ ਅਪ੍ਰੈਲ ਵੀ ਖੁਸ਼ਕ ਜਾ ਰਿਹਾ ਹੈ। ਅਗਲੇ ਦੋ ਦਿਨਾਂ ਤੱਕ ਤਾਪਮਾਨ ਹੋਰ ਵਧ ਸਕਦਾ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਦਾ ਕਹਿਣਾ ਹੈ ਕਿ 12 ਅਪ੍ਰੈਲ ਤੋਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਕਾਰਨ ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜੇਕਰ ਇਹੀ ਸਥਿਤੀ ਜਾਰੀ ਰਹੀ ਤਾਂ ਆਉਣ ਵਾਲਾ ਪਾਣੀ ਸੰਕਟ ਵੀ ਵੱਧ ਸਕਦਾ ਹੈ।