Punjab Weather Update: ਪਿਛਲੀ ਵਾਰ ਪੰਜਾਬ ਨੂੰ ਹੜ੍ਹਾਂ ਨੇ ਬੁਰੀ ਤਰ੍ਹਾਂ ਡੋਬਿਆ ਸੀ ਪਰ ਇਸ ਵਾਰ ਸੂਬਾ ਸੁੱਕਾ ਹੀ ਰਹਿ ਗਿਆ ਹੈ। ਮਾਨਸੂਨ ਆਪਣੇ ਆਖਰੀ ਪੜਾਅ ਵਿੱਚ ਹੈ ਪਰ ਬਾਰਸ਼ ਲੱਗਪਗ 50 ਫੀਸਦੀ ਘੱਟ ਹੋਈ ਹੈ। ਇਸ ਨਾਲ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਉਪਰ ਅਸਰ ਪਏਗਾ। ਉਂਝ ਅਗਲੇ ਦਿਨਾਂ ਅੰਦਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਾਰਸ਼ ਦਾ ਅਨੁਮਾਨ ਹੈ।
ਦਰਅਸਲ ਜੁਲਾਈ ਦਾ ਮਹੀਨਾ ਖਤਮ ਹੋਣ ਵਾਲਾ ਹੈ ਪਰ ਇਸ ਦੇ ਬਾਵਜੂਦ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਮੀਂਹ ਨਹੀਂ ਪੈ ਰਿਹਾ। ਤਕਰੀਬਨ ਸਾਰੇ ਜ਼ਿਲ੍ਹਿਆਂ ਵਿੱਚ ਘੱਟ ਬਾਰਸ਼ ਹੋਈ ਹੈ। ਇਸ ਦੇ ਨਾਲ ਹੀ 1 ਜੂਨ ਤੋਂ ਹੁਣ ਤੱਕ ਸੂਬੇ 'ਚ 49 ਫੀਸਦੀ ਘੱਟ ਬਾਰਸ਼ ਦਰਜ ਕੀਤੀ ਗਈ ਹੈ। ਉਂਝ ਪਠਾਨਕੋਟ, ਤਰਨ ਤਾਰਨ, ਮਾਨਸਾ ਤੇ ਸੰਗਰੂਰ ਵਿੱਚ ਆਮ ਮੀਂਹ ਪਿਆ ਹੈ।
ਇਸ ਤੋਂ ਇਲਾਵਾ ਛੇ ਜ਼ਿਲ੍ਹਿਆਂ ਰੂਪਨਗਰ ਵਿੱਚ 62 ਫੀਸਦੀ, ਐਸਬੀਐਸ ਨਗਰ ਵਿੱਚ 64 ਫੀਸਦੀ, ਮੁਹਾਲੀ ਵਿੱਚ 72 ਫੀਸਦੀ, ਫਤਿਹਗੜ੍ਹ ਸਾਹਿਬ ਵਿੱਚ 80 ਫੀਸਦੀ, ਫਿਰੋਜ਼ਪੁਰ ਵਿੱਚ 66 ਫੀਸਦੀ ਤੇ ਬਠਿੰਡਾ ਵਿੱਚ 73 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ ਹੈ। ਜਦਕਿ ਬਾਕੀ ਜ਼ਿਲ੍ਹਿਆਂ ਵਿੱਚ 30 ਤੋਂ 59 ਘੱਟ ਮੀਂਹ ਦਰਜ ਕੀਤਾ ਗਿਆ ਹੈ।
ਉਧਰ, ਪੰਜਾਬ ਵਿੱਚ ਅੱਜ ਯਾਨੀ ਬੁੱਧਵਾਰ ਨੂੰ ਵੀ ਮੀਂਹ ਦਾ ਅਲਰਟ ਹੈ। ਮੌਸਮ ਵਿਭਾਗ ਨੇ ਇੱਕ ਜ਼ਿਲ੍ਹੇ ਵਿੱਚ ਸੰਤਰੀ ਤੇ 14 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਮਾਨਸੂਨ ਦੀ ਰਫ਼ਤਾਰ ਮੱਠੀ ਪੈ ਗਈ ਹੈ। ਇਸ ਲਈ ਅਲਰਟ ਤੋਂ ਬਾਅਦ ਵੀ ਬਾਰਸ਼ ਨਹੀਂ ਹੋ ਰਹੀ। ਇਸ ਕਾਰਨ ਗਰਮੀ ਤੇ ਨਮੀ ਦੀ ਸਥਿਤੀ ਬਣੀ ਰਹਿੰਦੀ ਹੈ।
ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ -0.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਇਹ ਆਮ ਦੇ ਨੇੜੇ ਪਹੁੰਚ ਗਿਆ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 39.6 ਡਿਗਰੀ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਹੁੰਮਸ ਨਾਲ ਜਨਤਾ ਦਾ ਬੁਰਾ ਹਾਲ ਹੈ। ਹੁੰਮਸ ਕਰਕੇ ਫਸਲਾਂ ਨੂੰ ਬਿਮਾਰੀਆਂ ਲੱਗਣ ਦਾ ਵੀ ਖਤਰਾ ਹੈ। ਉਂਝ ਅਗਲੇ ਦਿਨਾਂ ਅੰਦਰ ਮੌਸਮ ਫਿਰ ਤੋਂ ਬਦਲ ਜਾਵੇਗਾ।
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮਾਨਸਾ, ਬਠਿੰਡਾ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ ਤੇ ਤਰਨ ਤਾਰਨ ਵਿੱਚ ਸਵੇਰੇ 10 ਵਜੇ ਤੱਕ ਦਰਮਿਆਨੀ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ।
ਇਨ੍ਹਾਂ ਜ਼ਿਲ੍ਹਿਆਂ ਲਈ ਵੀ ਅਲਰਟ
ਮੌਸਮ ਵਿਭਾਗ ਅਨੁਸਾਰ ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਜ਼ਿਲ੍ਹੇ ਲਈ ਔਰੇਂਜ ਅਲਰਟ ਹੈ। ਜਦਕਿ ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਬਠਿੰਡਾ, ਲੁਧਿਆਣਾ, ਮਾਨਸਾ, ਨਵਾਂਸ਼ਹਿਰ, ਰੂਪਨਗਰ, ਪਟਿਆਲਾ ਤੇ ਮੋਹਾਲੀ 'ਚ ਤੂਫਾਨ ਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।