Punjab Weather Update: ਆਖਰ ਬਾਰਸ਼ ਨੇ ਦਸਤਕ ਦੇ ਦਿੱਤੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬਾਰਸ਼ ਹੋਈ ਹੈ। ਸੂਬੇ ਦੇ ਅੰਮ੍ਰਿਤਸਰ, ਗੁਰਦਾਸਪੁਰ, ਫਰੀਦਕੋਟ, ਫਿਰੋਜ਼ਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ। ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਮਲੇਰਕੋਟਲਾ, ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ, ਨਵਾਂਸ਼ਹਿਰ, ਹੁਸ਼ਿਆਰਪੁਰ, ਅੰਮ੍ਰਿਤਸਰ, ਗੁਰਦਾਸਪੁਰ ਤੇ ਪਠਾਨਕੋਟ ਵਿੱਚ ਤੇਜ਼ ਹਵਾਵਾਂ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ 30 ਜਨਵਰੀ ਤੋਂ 4 ਫਰਵਰੀ ਤੱਕ ਉੱਤਰ-ਪੱਛਮੀ ਭਾਰਤ 'ਤੇ ਦੋ ਪੱਛਮੀ ਗੜਬੜੀ ਪ੍ਰਭਾਵ ਦਾ ਅਸਰ ਪਏਗਾ। ਪੰਜਾਬ-ਹਰਿਆਣਾ 'ਚ 30 ਜਨਵਰੀ ਤੋਂ 1 ਫਰਵਰੀ ਤੱਕ ਤੇ ਕੁਝ ਇਲਾਕਿਆਂ 'ਚ 3-4 ਫਰਵਰੀ ਨੂੰ ਮੀਂਹ ਪੈ ਸਕਦਾ ਹੈ। 31 ਜਨਵਰੀ ਨੂੰ ਪੰਜਾਬ ਦੇ ਉੱਤਰੀ ਤੇ ਪੂਰਬੀ ਹਿੱਸਿਆਂ ਤੇ ਹਰਿਆਣਾ ਦੇ ਉੱਤਰੀ ਹਿੱਸਿਆਂ ਵਿੱਚ ਗੜੇ ਪੈਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ 1-2 ਫਰਵਰੀ ਨੂੰ ਸੰਘਣੀ ਧੁੰਦ ਛਾਈ ਰਹੇਗੀ, ਜਦਕਿ ਪੰਜਾਬ, ਹਰਿਆਣਾ ਤੇ ਹਿਮਾਚਲ 'ਚ ਅਗਲੇ 3 ਦਿਨਾਂ ਤੱਕ ਘੱਟੋ-ਘੱਟ ਤਾਪਮਾਨ 'ਚ 2-3 ਡਿਗਰੀ ਦਾ ਮਾਮੂਲੀ ਵਾਧਾ ਦੇਖਣ ਨੂੰ ਮਿਲੇਗਾ। 1-2 ਫਰਵਰੀ ਨੂੰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।
ਉਧਰ ਹਰਿਆਣਾ 'ਚ ਅੱਜ ਦਿਨ ਦੀ ਸ਼ੁਰੂਆਤ ਸੰਘਣੀ ਧੁੰਦ ਨਾਲ ਹੋਈ। ਮੰਗਲਵਾਰ ਰਾਤ ਨੂੰ ਹੀ ਧੁੰਦ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਜਿਸ ਦਾ ਅਸਰ ਸਵੇਰ ਤੱਕ ਦੇਖਣ ਨੂੰ ਮਿਲਿਆ। ਸੋਨੀਪਤ, ਪਾਣੀਪਤ, ਕਰਨਾਲ ਸਮੇਤ ਹੋਰ ਜ਼ਿਲ੍ਹਿਆਂ ਵਿੱਚ ਸਵੇਰ ਵੇਲੇ ਵਿਜ਼ੀਬਿਲਟੀ ਨਾਂਹ ਦੇ ਬਰਾਬਰ ਹੈ। ਅੱਜ 6 ਜ਼ਿਲ੍ਹਿਆਂ ਵਿੱਚ ਮੀਂਹ ਲਈ ਔਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਵਿੱਚ ਪੰਚਕੂਲਾ, ਅੰਬਾਲਾ, ਯਮੁਨਾਨਗਰ, ਕੁਰੂਕਸ਼ੇਤਰ, ਕੈਥਲ ਤੇ ਕਰਨਾਲ ਸ਼ਾਮਲ ਹਨ।
ਚੰਡੀਗੜ੍ਹ ਵਿੱਚ ਸਵੇਰੇ ਧੁੰਦ ਛਾਈ ਹੋਈ ਹੈ। ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਅੱਜ ਬੱਦਲ ਛਾਏ ਰਹਿਣਗੇ। ਦੂਜੇ ਪਾਸੇ ਹਿਮਾਚਲ ਦੇ 7 ਜ਼ਿਲ੍ਹਿਆਂ ਵਿੱਚ ਬਰਫ਼ਬਾਰੀ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਸ਼ਿਮਲਾ, ਲਾਹੌਲ-ਸਪੀਤੀ, ਕਿਨੌਰ, ਚੰਬਾ, ਕਾਂਗੜਾ, ਕੁੱਲੂ ਤੇ ਮੰਡੀ ਸ਼ਾਮਲ ਹਨ। ਅਗਲੇ ਤਿੰਨ-ਚਾਰ ਦਿਨਾਂ ਵਿੱਚ ਬਿਲਾਸਪੁਰ, ਹਮੀਰਪੁਰ, ਊਨਾ, ਸੋਲਨ ਤੇ ਸਿਰਮੌਰ ਜ਼ਿਲ੍ਹਿਆਂ ਦੇ ਨੀਵੇਂ ਇਲਾਕਿਆਂ ਵਿੱਚ ਵੀ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ।