Punjab Weather Update: ਮਈ ਤੇ ਜੂਨ ਦੀ ਸਖਤੀ ਗਰਮੀ ਤੋਂ ਬਾਅਦ ਆਖਰ ਪੰਜਾਬ ਨੂੰ ਸੁੱਖ ਦਾ ਸਾਹ ਆਇਆ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਬਾਰਸ਼ ਦਾ ਦੌਰ ਸ਼ੁਰੂ ਹੋ ਗਿਆ ਹੈ ਤੇ ਮੌਸਮ ਵਿਭਾਗ ਨੇ ਅਗਲੇ ਦਿਨਾਂ ਅੰਦਰ ਭਾਰੀ ਬਾਰਸ਼ ਪੈਣ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਤੋਂ ਪਠਾਨਕੋਟ ਦੇ ਰਸਤੇ ਸੂਬੇ ਵਿੱਚ ਮਾਨਸੂਨ ਦੀ ਐਂਟਰੀ ਹੋ ਗਈ ਹੈ ਤੇ ਅਗਲੇ ਦਿਨਾਂ ਵਿੱਚ ਹਰਿਆਣਾ ਵਾਲੇ ਪਾਸਿਓਂ ਮਾਨਸੂਨ ਦੀ ਐਂਟਰੀ ਵੀ ਹੋਣ ਵਾਲੀ ਹੈ। ਇਸ ਲਈ ਸੂਬੇ ਵਿੱਚ ਜਲਥਲ ਹੋਏਗਾ।


ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਮੀਂਹ ਨੂੰ ਲੈ ਕੇ ਅੱਜ ਐਤਵਾਰ ਨੂੰ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਅੱਜ ਤੇ 1 ਜੁਲਾਈ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਵੱਲੋਂ ਜਾਰੀ ਅਲਰਟ ਤੋਂ ਬਾਅਦ ਲੋਕਾਂ ਨੂੰ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਮੁਤਾਬਕ ਅਗਲੇ 2-3 ਦਿਨਾਂ ਤੱਕ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਸੂਬੇ 'ਚ ਪੈ ਰਹੀ ਗਰਮੀ ਤੋਂ ਰਾਹਤ ਮਿਲੇਗੀ।


ਦਰਅਸਲ ਰਾਤ ਨੂੰ ਸ਼ੁਰੂ ਹੋਈ ਬਾਰਸ਼ ਨੇ ਮੌਸਮ ਬਦਲ ਦਿੱਤਾ ਹੈ। ਸਵੇਰੇ 8.30 ਵਜੇ ਤੱਕ ਅੰਮ੍ਰਿਤਸਰ 'ਚ 40.5 ਮਿਲੀਮੀਟਰ, ਪਠਾਨਕੋਟ 'ਚ 4.2 ਮਿਲੀਮੀਟਰ ਤੇ ਗੁਰਦਾਸਪੁਰ 'ਚ ਥੋੜ੍ਹੀ ਜਿਹੀ ਬਾਰਸ਼ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਜਲੰਧਰ ਤੇ ਕਪੂਰਥਲਾ 'ਚ ਬੱਦਲ ਛਾਏ ਹੋਏ ਹਨ ਤੇ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। 


ਆਈਐਮਡੀ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਪੰਜਾਬ ਦੇ 9 ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਤੇ ਐਸਏਐਸ ਨਗਰ ਵਿੱਚ ਮੀਂਹ ਦਾ ਔਰੇਂਜ਼ ਅਲਰਟ ਜਾਰੀ ਕੀਤਾ ਗਿਆ ਹੈ। ਇੱਥੇ ਭਾਰੀ ਮੀਂਹ ਤੇ ਤੂਫ਼ਾਨ ਦੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ। ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।


ਦੱਸ ਦਈਏ ਕਿ ਮਾਨਸੂਨ ਦੋ ਦਿਨ ਪਹਿਲਾਂ ਹੀ ਪੰਜਾਬ ਵਿੱਚ ਪਹੁੰਚਿਆ ਹੈ। ਮਾਨਸੂਨ ਨੇ ਇਹ ਐਂਟਰੀ ਹਿਮਾਚਲ ਪ੍ਰਦੇਸ਼ ਤੋਂ ਪਠਾਨਕੋਟ ਦੇ ਰਸਤੇ ਕੀਤੀ ਪਰ ਦੋ ਦਿਨਾਂ ਤੋਂ ਪੰਜਾਬ ਵਿੱਚ ਮਾਨਸੂਨ ਵਿੱਚ ਕੋਈ ਬਦਲਾਅ ਨਹੀਂ ਹੋਇਆ। ਆਈਐਮਡੀ ਦਾ ਅਨੁਮਾਨ ਹੈ ਕਿ ਇਸ ਸਾਲ ਮਾਨਸੂਨ ਨਾਲ ਆਮ ਨਾਲੋਂ ਬਿਹਤਰ ਬਾਰਸ਼ ਹੋਏਗੀ। ਆਉਣ ਵਾਲੇ 2-3 ਦਿਨਾਂ 'ਚ ਮਾਨਸੂਨ ਆਪਣੀ ਸਥਿਤੀ ਬਦਲ ਕੇ ਪੰਜਾਬ ਦੇ ਕੁਝ ਹੋਰ ਸੂਬਿਆਂ 'ਚ ਐਕਟਿਵ ਹੋ ਜਾਵੇਗੀ।


ਆਈਐਮਡੀ ਮੁਤਾਬਕ ਮਾਨਸੂਨ ਦੇ ਆਮ ਨਾਲੋਂ ਬਿਹਤਰ ਰਹਿਣ ਦੀ ਉਮੀਦ ਹੈ ਪਰ ਜੇਕਰ ਜੂਨ ਮਹੀਨੇ ਦੀ ਗੱਲ ਕਰੀਏ ਤਾਂ 1 ਤੋਂ 29 ਜੂਨ ਤੱਕ ਪੰਜਾਬ ਵਿੱਚ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ। ਆਮ ਤੌਰ 'ਤੇ ਪੰਜਾਬ 'ਚ ਇਨ੍ਹਾਂ 29 ਦਿਨਾਂ 'ਚ 49.7 ਮਿਲੀਮੀਟਰ ਬਾਰਸ਼ ਹੁੰਦੀ ਹੈ ਪਰ ਇਸ ਸਾਲ ਹੁਣ ਤੱਕ ਸਿਰਫ 25.6 ਮਿਲੀਮੀਟਰ ਬਾਰਸ਼ ਹੀ ਹੋਈ, ਜੋ ਆਮ ਨਾਲੋਂ 48 ਫੀਸਦੀ ਘੱਟ ਹੈ।