Punjab Weather Update: ਵੀਰਵਾਰ ਨੂੰ ਪੰਜਾਬ (Punjab) ਭਰ ਵਿੱਚ ਹੋਈ ਬਾਰਸ਼ ਨੇ ਠੰਢ ਵਧਾ ਦਿੱਤੀ ਹੈ। ਲਗਾਤਾਰ ਪਏ ਮੀਂਹ ਤੇ ਕੁਝ ਥਾਵਾਂ ’ਤੇ ਗੜੇ ਪੈਣ ਕਾਰਨ ਸਰਦੀ ਨੇ ਜ਼ੋਰ ਫੜ ਲਿਆ ਹੈ। ਉਂਝ ਮੀਂਹ ਪੈਣ ਕਾਰਨ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਗਈ ਹੈ ਤੇ ਖੁਸ਼ਕ ਠੰਢ ਵੀ ਖ਼ਤਮ ਹੋ ਗਈ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ ਰਹੇਗਾ ਪਰ ਠੰਢ ਜ਼ੋਰ ਫੜੇਗੀ। 



ਦੱਸ ਦਈਏ ਕਿ ਵੀਰਵਾਰ ਨੂੰ ਤੜਕਸਾਰ ਹੀ ਸੂਬੇ ਦੇ ਕੁਝ ਸ਼ਹਿਰਾਂ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸੇ ਦੌਰਾਨ ਚੰਡੀਗੜ੍ਹ, ਜ਼ੀਰਕਪੁਰ, ਮੁਹਾਲੀ ਤੇ ਫਤਹਿਗੜ੍ਹ ਸਾਹਿਬ ਸਣੇ ਕੁਝ ਇਲਾਕਿਆਂ ਵਿੱਚ ਗੜੇ ਵੀ ਪਏ। ਇਸ ਕਾਰਨ ਪਾਰਾ ਕਾਫੀ ਡਿੱਗ ਗਿਆ। ਮੀਂਹ ਕਰਕੇ ਸੂਬੇ ਵਿੱਚ 8 ਡਿਗਰੀ ਸੈਲਸੀਅਸ ਤੱਕ ਤਾਪਮਾਨ ਡਿੱਗ ਗਿਆ ਹੈ। 


ਹਾਸਲ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਚੰਡੀਗੜ੍ਹ ਦਾ ਤਾਪਮਾਨ 16.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 8.7 ਡਿਗਰੀ ਸੈਲਸੀਅਸ ਘੱਟ ਰਿਹਾ। ਇਸੇ ਤਰ੍ਹਾਂ ਅੰਮ੍ਰਿਤਸਰ ’ਚ 21 ਡਿਗਰੀ ਸੈਲਸੀਅਸ, ਲੁਧਿਆਣਾ ’ਚ 26, ਪਟਿਆਲਾ ’ਚ 19.6, ਬਰਨਾਲਾ ’ਚ 19.2, ਫਰੀਦਕੋਟ ’ਚ 22.4, ਫਿਰੋਜ਼ਪੁਰ ’ਚ 20.8, ਗੁਰਦਾਸਪੁਰ ’ਚ 17.9, ਜਲੰਧਰ ’ਚ 17.9, ਮੋਗਾ ’ਚ 19.8, ਮੁਹਾਲੀ ’ਚ 17.3 ਤੇ ਰੋਪੜ ’ਚ 15.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।



ਮੌਸਮ ਵਿਭਾਗ ਮੁਤਾਬਕ ਵੀਰਵਾਰ ਨੂੰ ਪੰਜਾਬ ਦੇ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਸਰਦੀਆਂ ਦਾ ਪਹਿਲਾ ਮੀਂਹ ਪਿਆ। ਚੰਡੀਗੜ੍ਹ ਵਿੱਚ ਵੀ ਜ਼ੋਰਦਾਰ ਬਾਰਸ਼ ਹੋਈ। ਕਈ ਥਾਵਾਂ ’ਤੇ ਗੜ੍ਹੇ ਵੀ ਪਏ। ਇਸ ਮੀਂਹ ਕਰਕੇ ਲੋਕਾਂ ਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਗਈ ਹੈ, ਉੱਥੇ ਹੀ ਠੰਢ ਨੇ ਵੀ ਦਸਤਕ ਦੇ ਦਿੱਤੀ ਹੈ। 


ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਪੈ ਰਹੇ ਮੀਂਹ ਕਾਰਨ ਤਾਪਮਾਨ ਵੀ ਆਮ ਨਾਲੋਂ ਹੇਠਾਂ ਆ ਗਿਆ। ਮੀਂਹ ਪੈਣ ਕਾਰਨ ਸੂਬੇ ਵਿੱਚ ਕਈ ਥਾਵਾਂ ’ਤੇ ਸੜਕਾਂ ਪਾਣੀ ਵਿੱਚ ਡੁੱਬ ਗਈਆਂ, ਜਿਸ ਕਾਰਨ ਸਕੂਲੀ ਬੱਚਿਆਂ, ਕਾਰੋਬਾਰੀਆਂ ਤੇ ਨੌਕਰੀ ਪੇਸ਼ਾ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।