Punjab Weather Report: ਉੱਤਰੀ ਭਾਰਤ ਦਾ ਮੌਸਮ ਨਿੱਤ ਨਵੀਂ ਕਰਵਟ ਲੈ ਰਿਹਾ ਹੈ। ਪਿਛਲੇ ਦੋ ਦਿਨ ਪਾਰਾ ਚੜ੍ਹਨ ਮਗਰੋਂ ਮੰਗਲਵਾਰ ਸਵੇਰੇ ਚੰਡੀਗੜ੍ਹ ਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਹਲਕੀ ਬਾਰਸ਼ ਹੋਈ। ਇਸ ਨਾਲ ਪਾਰਾ ਮੁੜ ਹੇਠਾਂ ਆ ਗਿਆ। ਉਧਰ ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ ਦਿਨਾਂ ਵਿੱਚ ਮੌਸਮ ਸਾਫ ਰਹੇਗਾ ਤੇ ਪਾਰਾ 45-46 ਡਿਗਰੀ ਸੈਲਸੀਅਸ ਤੱਕ ਜਾ ਸਕਦਾ ਹੈ।
ਦੱਸ ਦਈਏ ਕਿ ਪੂਰਾ ਮਈ ਮਹੀਨਾ ਠੰਢਾ ਰਹਿਣ ਮਗਰੋਂ ਪੰਜਾਬ ’ਚ ਜੂਨ ਚੜ੍ਹਦਿਆਂ ਸਾਰ ਹੀ ਗਰਮੀ ਨੇ ਮੁੜ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਵਿੱਚ ਸੋਮਵਾਰ ਨੂੰ ਤਾਪਮਾਨ 40 ਡਿਗਰੀ ਸੈਲਸੀਅਸ ਪਾਰ ਕਰ ਗਿਆ। ਬੇਸ਼ੱਕ ਅੱਜ ਸਵੇਰੇ ਕੁਝ ਇਲਾਕਿਆਂ ਵਿੱਚ ਬਾਰਸ਼ ਹੋਣ ਕਰਕੇ ਰਾਹਤ ਮਿਲੀ ਹੈ ਪਰ ਪਰ ਆਉਣ ਵਾਲੇ ਦਿਨਾਂ ’ਚ ਤਾਪਮਾਨ ਹੋਰ ਵਧਣ ਦੇ ਆਸਾਰ ਹਨ।
ਮੌਸਮ ਵਿਭਾਗ ਨੇ 6 ਤੇ 7 ਜੂਨ ਨੂੰ ਪੰਜਾਬ ’ਚ ਕਿਤੇ-ਕਿਤੇ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਸੀ। ਮੌਸਮ ਵਿਗਿਆਨੀਆਂ ਅਨੁਸਾਰ ਪੂਰੇ ਹਫ਼ਤੇ ’ਚ ਤਾਪਮਾਨ ਵਿੱਚ 4 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਜਾਵੇਗਾ। ਮਈ ਮਹੀਨੇ ਵਿੱਚ ਆਮ ਨਾਲੋਂ ਵੱਧ ਮੀਂਹ ਪੈਣ ਕਰਕੇ ਲੋਕਾਂ ਨੇ ਅਤਿ ਦੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਸੀ, ਪਰ ਜੂਨ ਚੜ੍ਹਦਿਆਂ ਹੀ ਮੁੜ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ।
ਉੱਧਰ 10 ਜੂਨ ਤੋਂ ਸੂਬੇ ’ਚ ਝੋਨੇ ਦੀ ਲੁਆਈ ਸ਼ੁਰੂ ਹੋਣ ਵਾਲੀ ਹੈ। ਉਂਝ, ਸੂਬਾ ਸਰਕਾਰ ਨੇ 8 ਘੰਟੇ ਬਿਜਲੀ ਸਪਲਾਈ ਦਾ ਭਰੋਸਾ ਦਿੱਤਾ ਹੈ। ਗਰਮੀ ਵਧਣ ਨਾਲ ਸੂਬੇ ’ਚ ਬਿਜਲੀ ਦੀ ਮੰਗ ਵੀ ਵਧਣੀ ਸ਼ੁਰੂ ਹੋ ਗਈ ਹੈ। ਇਹ ਵੀ ਚਰਚਾ ਹੈ ਕਿ ਇਸ ਵਾਰ ਮਾਨਸੂਨ ਪੱਛੜ ਸਕਦੀ ਹੈ। ਇਸ ਲਈ ਪੰਜਾਬ ਅੰਦਰ ਬਿਜਲੀ ਸੰਕਟ ਵਧ ਸਕਦਾ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਮਵਾਰ ਨੂੰ ਲੁਧਿਆਣਾ ਦਾ ਤਾਪਮਾਨ ਸੂਬੇ ’ਚੋਂ ਸਭ ਤੋਂ ਵੱਧ 40.3 ਡਿਗਰੀ ਸੈਲਸੀਅਸ ਰਿਹਾ। ਇਸੇ ਤਰ੍ਹਾਂ ਫ਼ਰੀਦਕੋਟ ਵਿੱਚ 39.6 ਡਿਗਰੀ ਸੈਲਸੀਅਸ, ਪਟਿਆਲਾ ਵਿੱਚ 39.2 ਡਿਗਰੀ ਸੈਲਸੀਅਸ, ਹੁਸ਼ਿਆਰਪੁਰ ਵਿੱਚ 39.1 ਡਿਗਰੀ ਸੈਲਸੀਅਸ, ਅੰਮ੍ਰਿਤਸਰ ਵਿੱਚ 38.5 ਡਿਗਰੀ ਤਾਪਮਾਨ ਰਿਹਾ।
ਇਸ ਤੋਂ ਇਲਾਵਾ ਪਠਾਨਕੋਟ ਵਿੱਚ 38.7, ਫਿਰੋਜ਼ਪੁਰ ਵਿੱਚ 38.1, ਮੁਕਤਸਰ ਸਾਹਿਬ ਵਿੱਚ 38, ਚੰਡੀਗੜ੍ਹ ਵਿੱਚ 37.9, ਗੁਰਦਾਸਪੁਰ ਤੇ ਬਰਨਾਲਾ ਵਿੱਚ 37-37 ਡਿਗਰੀ ਸੈਲਸੀਅਸ, ਫ਼ਤਹਿਗੜ੍ਹ ਸਾਹਿਬ ਵਿੱਚ 37.7 ਡਿਗਰੀ ਸੈਲਸੀਅਸ ਤੇ ਮੁਹਾਲੀ ਵਿੱਚ 37.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।