Punjab Weather Update: ਪੰਜਾਬ ਤੇ ਹਰਿਆਣਾ ਵਿੱਚ ਧੁੰਦ ਤੇ ਠੰਢ ਦਾ ਕਹਿਰ ਜਾਰੀ ਹੈ। ਦੋਵਾਂ ਸੂਬਿਆਂ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਸ਼ੁੱਕਰਵਾਰ ਨੂੰ ਸੰਘਣੀ ਧੁੰਦ ਨਾਲ ਦਿਨ ਦੀ ਸ਼ੁਰੂਆਤ ਹੋਈ। ਕਈ ਸ਼ਹਿਰਾਂ ਵਿੱਚ ਵਿਜ਼ੀਬਿਲਟੀ 50 ਤੋਂ 100 ਮੀਟਰ ਦੇ ਵਿਚਕਾਰ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਹਾਲਾਤ 15 ਜਨਵਰੀ ਤੱਕ ਰਹਿਣਗੇ।
ਪੰਜਾਬ ਦੇ ਸ਼ਹਿਰਾਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਪਟਿਆਲਾ ਤੋਂ ਸੰਘਣੀ ਧੁੰਦ ਪੈਣ ਦੀ ਰਿਪੋਰਟ ਮਿਲੀ ਹੈ। ਅੱਜ ਸਵੇਰੇ 5.30 ਵਜੇ ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ ਮਹਿਜ਼ 25 ਮੀਟਰ ਸੀ।
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਚੰਡੀਗੜ੍ਹ 'ਚ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਅੱਜ ਸਵੇਰੇ ਚੰਡੀਗੜ੍ਹ 'ਚ ਵਿਜ਼ੀਬਿਲਟੀ 50 ਮੀਟਰ ਸੀ। ਅੱਜ ਦਿਨ ਵੇਲੇ ਧੁੱਪ ਨਿਕਲਣ ਦੀ ਸੰਭਾਵਨਾ ਹੈ। ਸ਼ਾਮ ਨੂੰ ਹਲਕੀ ਧੁੰਦ ਛਾਈ ਰਹੇਗੀ। ਠੰਢੀਆਂ ਹਵਾਵਾਂ ਕਾਰਨ ਤਾਪਮਾਨ 'ਤੇ ਜ਼ਿਆਦਾ ਅਸਰ ਨਹੀਂ ਪਵੇਗਾ।
ਦੂਜੇ ਪਾਸੇ ਹਿਮਾਚਲ ਦੇ ਹਮੀਰਪੁਰ, ਊਨਾ, ਬਿਲਾਸਪੁਰ, ਮੰਡੀ ਤੇ ਕਾਂਗੜਾ ਵਿੱਚ ਧੁੰਦ ਛਾਈ ਹੋਈ ਹੈ। ਫਿਲਹਾਲ ਸ਼ਿਮਲਾ ਤੇ ਹੋਰ ਪਹਾੜੀ ਇਲਾਕਿਆਂ 'ਚ ਮੌਸਮ ਸਾਫ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਅੰਬਾਲਾ, ਕੁਰੂਕਸ਼ੇਤਰ, ਕੈਥਲ ਤੇ ਕਰਨਾਲ 'ਚ ਠੰਢ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸ਼ੁੱਕਰਵਾਰ ਸਵੇਰੇ ਰੇਵਾੜੀ, ਭਿਵਾਨੀ, ਹਿਸਾਰ ਤੇ ਅੰਬਾਲਾ ਵਿੱਚ ਸੰਘਣੀ ਧੁੰਦ ਦੇਖੀ ਗਈ।
ਮੌਸਮ ਵਿਭਾਗ ਮੁਤਾਬਕ ਅੱਜ ਚੰਡੀਗੜ੍ਹ ਸ਼ਹਿਰ ਦੇ ਤਾਪਮਾਨ 'ਚ ਮਾਮੂਲੀ ਵਾਧਾ ਹੋਵੇਗਾ। ਤਾਪਮਾਨ 7 ਤੋਂ 14 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਅੰਮ੍ਰਿਤਸਰ ਵਿੱਚ ਅੱਜ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਰਾਤ ਦੇ ਤਾਪਮਾਨ ਵਿੱਚ ਹੌਲੀ-ਹੌਲੀ ਗਿਰਾਵਟ ਆਵੇਗੀ। ਤਾਪਮਾਨ 5 ਤੋਂ 15 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
ਇਸੇ ਤਰ੍ਹਾਂ ਜਲੰਧਰ ਸ਼ਹਿਰ ਦੇ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲੇਗੀ। ਅੱਜ ਦਾ ਤਾਪਮਾਨ 5 ਤੋਂ 14 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਲੁਧਿਆਣਾ ਦੇ ਦਿਨ ਦੇ ਤਾਪਮਾਨ 'ਚ ਮਾਮੂਲੀ ਵਾਧਾ ਹੋਵੇਗਾ। ਅੱਜ ਦਾ ਤਾਪਮਾਨ 6 ਤੋਂ 16 ਡਿਗਰੀ ਦੇ ਵਿਚਕਾਰ ਰਹੇਗਾ।
ਸ਼ਿਮਲਾ ਦੇ ਤਾਪਮਾਨ 'ਚ ਮਾਮੂਲੀ ਵਾਧਾ ਹੋਵੇਗਾ। ਤਾਪਮਾਨ 5 ਤੋਂ 17 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਅਸਮਾਨ ਸਾਫ਼ ਰਹੇਗਾ। ਧਰਮਸ਼ਾਲਾ ਦੇ ਤਾਪਮਾਨ 'ਚ ਜ਼ਿਆਦਾ ਫਰਕ ਨਹੀਂ ਆਏਗਾ। ਦਿਨ ਦਾ ਤਾਪਮਾਨ 5 ਤੋਂ 18 ਡਿਗਰੀ ਦੇ ਆਸਪਾਸ ਰਹੇਗਾ। ਧੁੱਪ ਨਿਕਲਣ ਦੀ ਸੰਭਾਵਨਾ ਹੈ।