Punjab Weather Update: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਸੀਤ ਲਹਿਰ ਤੋਂ ਫਿਲਹਾਲ ਰਾਹਤ ਨਹੀਂ ਮਿਲੇਗੀ। ਮੌਸਮ ਵਿਭਾਗ ਨੇ ਦੋ ਦਿਨਾਂ ਲਈ ਠੰਢ ਦਾ ਅਲਰਟ ਜਾਰੀ ਕੀਤਾ ਹੈ। ਡਿਜਾਸਟਰ ਮੈਨੇਜਮੈਂਟ ਵੱਲੋਂ ਪੰਜਾਬ ਦੇ ਲੋਕਾਂ ਨੂੰ ਠੰਢ ਵਿੱਚ ਬਾਹਰ ਨਾ ਨਿਕਲਣ ਦੇ ਮੈਸੇਜ਼ ਭੇਜੇ ਜਾ ਰਹੇ ਹਨ। ਚੰਡੀਗੜ੍ਹ ਤੇ ਹਿਮਾਚਲ ਵਿੱਚ ਸਵੇਰੇ ਧੁੰਦ ਤੇ ਦਿਨ ਵੇਲੇ ਧੁੱਪ ਰਹੇਗੀ।


ਪੰਜਾਬ ਦੇ ਮੌਸਮ ਦਾ ਹਾਲ
ਮੌਸਮ ਵਿਭਾਗ ਮੁਤਾਬਕ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਮੌਸਮ ਖਰਾਬ ਰਹੇਗਾ। ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨ ਤਾਰਨ, ਹੁਸ਼ਿਆਰਪੁਰ, ਜਲੰਧਰ, ਨਵਾਂਸ਼ਹਿਰ, ਕਪੂਰਥਲਾ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਲੁਧਿਆਣਾ, ਮਾਨਸਾ, ਫਤਿਹਗੜ੍ਹ ਸਾਹਿਬ, ਰੂਪਨਗਰ ਤੇ ਪਟਿਆਲਾ ਵਿੱਚ ਬਹੁਤ ਸੰਘਣੀ ਧੁੰਦ ਪੈਣ ਦੀ ਚਿਤਾਵਨੀ ਦਿੱਤੀ ਗਈ ਹੈ। ਅੱਜ ਵਿਜ਼ੀਬਿਲਟੀ 50 ਮੀਟਰ ਦੇ ਕਰੀਬ ਰਹਿਣ ਦੀ ਉਮੀਦ ਹੈ।


ਹਰਿਆਣਾ ਦੇ 17 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ 
ਮੌਸਮ ਵਿਭਾਗ ਵੱਲੋਂ ਹਰਿਆਣਾ ਦੇ 17 ਜ਼ਿਲ੍ਹਿਆਂ ਵਿੱਚ ਧੁੰਦ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਅੰਬਾਲਾ, ਕੁਰੂਕਸ਼ੇਤਰ, ਕੈਥਲ, ਕਰਨਾਲ, ਮਹਿੰਦਰਗੜ੍ਹ, ਰੇਵਾੜੀ, ਝੱਜਰ, ਗੁਰੂਗ੍ਰਾਮ, ਨੂਹ, ਪਲਵਲ, ਫਰੀਦਾਬਾਦ, ਸਿਰਸਾ, ਫਤਿਹਾਬਾਦ, ਹਿਸਾਰ, ਜੀਂਦ, ਭਿਵਾਨੀ ਤੇ ਚਰਖੀ ਦਾਦਰੀ ਸ਼ਾਮਲ ਹਨ।


ਐਤਵਾਰ ਸਵੇਰੇ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ ਤੇ ਅੰਬਾਲਾ 'ਚ ਜੀਟੀ ਬੈਲਟ 'ਤੇ ਸੰਘਣੀ ਧੁੰਦ ਪਈ। ਇੱਥੇ ਵਿਜੀਬਿਲਟੀ ਲਗਪਗ ਜ਼ੀਰੋ ਹੈ। ਨੈਸ਼ਨਲ ਹਾਈਵੇਅ-44 'ਤੇ ਵਾਹਨ ਹੌਲੀ-ਹੌਲੀ ਚੱਲਦੇ ਦੇਖੇ ਗਏ।



ਹਿਮਾਚਲ 'ਚ ਬਰਫਬਾਰੀ ਦੀ ਚਿਤਾਵਨੀ 
ਹਿਮਾਚਲ ਦੇ ਉਪਰਲੇ ਇਲਾਕਿਆਂ 'ਚ 16-17 ਜਨਵਰੀ ਨੂੰ ਬਰਫਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਪਹਾੜਾਂ ਤੋਂ ਆਉਣ ਵਾਲੀਆਂ ਹਵਾਵਾਂ ਠੰਢੀਆਂ ਹੋ ਜਾਣਗੀਆਂ, ਜਿਸ ਨਾਲ ਮੈਦਾਨੀ ਇਲਾਕਿਆਂ ਦੇ ਲੋਕਾਂ ਨੂੰ ਹੋਰ ਠੰਢ ਦਾ ਕਹਿਰ ਸਹਿਣਾ ਪਵੇਗਾ। ਇਸ ਕਾਰਨ ਰਾਤ ਦੇ ਤਾਪਮਾਨ ਵਿੱਚ ਭਾਰੀ ਗਿਰਾਵਟ ਆਵੇਗੀ।


ਚੰਡੀਗੜ੍ਹ ਵਿੱਚ ਅੱਜ ਤਾਪਮਾਨ 7 ਤੋਂ 14 ਡਿਗਰੀ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਸਵੇਰੇ ਸੰਘਣੀ ਧੁੰਦ ਛਾਈ ਰਹੇਗੀ, ਪਰ ਦੁਪਹਿਰ ਨੂੰ ਧੁੱਪ ਰਹੇਗੀ। ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ। ਅੰਮ੍ਰਿਤਸਰ ਵਿੱਚ ਧੁੰਦ ਨੂੰ ਲੈ ਕੇ ਅੱਜ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਤਾਪਮਾਨ 'ਚ ਜ਼ਿਆਦਾ ਫਰਕ ਨਹੀਂ ਪਵੇਗਾ। ਹਲਕੀ ਧੁੱਪ ਨਿਕਲ ਸਕਦੀ ਹੈ, ਪਰ ਇਹ ਕੁਝ ਸਮੇਂ ਲਈ ਰਾਹਤ ਪ੍ਰਦਾਨ ਕਰੇਗੀ। ਤਾਪਮਾਨ 5 ਤੋਂ 14 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।


ਇਸ ਤੋਂ ਇਲਾਵਾ ਜਲੰਧਰ ਦੇ ਤਾਪਮਾਨ 'ਚ ਕੋਈ ਬਦਲਾਅ ਨਜ਼ਰ ਨਹੀਂ ਆ ਰਿਹਾ। ਅੱਜ ਦਾ ਤਾਪਮਾਨ 5 ਤੋਂ 11 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਲੁਧਿਆਣਾ ਦੇ ਦਿਨ ਤੇ ਰਾਤ ਦੇ ਤਾਪਮਾਨ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਅੱਜ ਦਾ ਤਾਪਮਾਨ 6 ਤੋਂ 14 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।