ਪੰਜਾਬ ਨੂੰ ਅੱਜ ਨਵਾਂ ਐਡਵੋਕੇਟ ਜਨਰਲ ਮਿਲਣ ਵਾਲਾ ਹੈ। ਚੰਡੀਗੜ੍ਹ ਦੇ ਸੀਨੀਅਰ ਵਕੀਲ ਗੁਰਵਿੰਦਰ ਸਿੰਘ ਗੈਰੀ ਨੂੰ ਪੰਜਾਬ ਸਰਕਾਰ ਅੱਜ ਏਜੀ ਬਣਾਏਗੀ। ਇਸ ਤੋਂ ਪਹਿਲਾਂ ਐਡਵੋਕੇਟ ਜਨਰਲ ਵਿਨੋਦ ਘਈ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਾਣਕਾਰੀ ਅਨੁਸਾਰ ਵਿਨੋਦ ਘਈ ਨੇ ਮੰਗਲਵਾਰ ਸ਼ਾਮ ਨੂੰ ਹੀ ਆਪਣਾ ਅਸਤੀਫ਼ਾ ਦੇ ਦਿੱਤਾ ਸੀ। ਨਵਾਂ ਐਡਵੋਕੇਟ ਜਨਰਲ ਲਗਾਉਣ ਦੇ ਲਈ ਅੱਜ ਸਵੇਰੇ 11 ਤੋਂ 12 ਵਜੇ ਤੱਕ ਗਵਰਨਰ ਹਾਊਸ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। 


ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰ ਬਣੇ ਨੂੰ ਇੱਕ ਸਾਲ ਤੇ 7 ਮਹੀਨੇ ਦਾ ਸਮਾਂ ਹੋਇਆ ਅਤੇ ਸੂਬੇ ਵਿੱਚ ਅੱਜ ਤੀਸਰਾ ਏਜੀ ਲੱਗਣ ਜਾ ਰਿਹਾ ਹੈ।  ਵਿਨੋਦ ਘਈ ਤੋਂ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਨੇ ਅਨਮੋਲ ਰਤਨ ਸਿੱਧੂ ਨੂੰ ਏਜੀ ਬਣਾਇਆ ਸੀ। 


ਹਲਾਂਕਿ ਚਾਰ ਮਹੀਨਿਆਂ ਬਾਅਦ 19 ਜੁਲਾਈ 2022 ਨੂੰ ਅਨਮੋਲ ਰਤਨ ਸਿੱਧੂ ਅਸਤੀਫ਼ਾ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ।  ਅਨਮੋਲ ਰਤਨ ਸਿੱਧੂ ਨੇ ਅਪਣੇ ਅਸਤੀਫ਼ੇ ਲਈ ਨਿੱਜੀ ਕਾਰਨ ਦੱਸੇ ਸਨ। ਪਰ ਅੰਦਰਲ ਗੱਲ ਕੋਈ ਹੋਰ ਹੀ ਚੱਲ ਰਹੀ ਸੀ। ਇੰਡੀਆ ਟੂਡੇ ਦੀ ਰਿਪੋਰਟ ਦੇ ਮੁਤਾਬਕ ਅਨਮੋਲ ਰਤਨ ਸਿੱਧੂ ਪੰਜਾਬ ਸਰਕਾਰ ਦੇ ਕੰਮ ਕਾਜ ਵਿੱਚ ਦਿੱਲੀ ਦੇ ਲੀਡਰਾਂ ਦੀ ਦਖਲਅੰਦਾਜ਼ੀ ਤੋਂ ਪਰੇਸ਼ਾਨ ਸਨ।


ਉਨ੍ਹਾਂ ਦੇ ਅਸਤੀਫ਼ੇ ਦੇ ਪਿੱਛੇ ਪ੍ਰੋਫ਼ੈਸਰ ਦਵਿੰਦਰ ਭੁੱਲਰ ਦੀ ਰਿਹਾਈ ਲਈ ਦਿੱਲੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਣਾ, ਲਾਅ ਅਫ਼ਸਰਾਂ ਦੀ ਨਿਯੁਕਤੀ ਵਿੱਚ ਦੇਰੀ, ਲਾਅ ਅਫ਼ਸਰਾਂ ਦੀ ਨਿਯੁਕਤੀ ਵਿੱਚ ਰਾਖਵੇਂਕਰਨ ਦੇ ਖ਼ਿਲਾਫ਼ ਪਾਈ ਪਟੀਸ਼ਨ ਨੂੰ ਵਾਪਸ ਲੈਣੇ ਜਿਹੇ ਕਾਰਨ ਦੀ ਚਰਚਾ ਹੋਈ ਸੀ। ਇਸ ਤੋਂ ਬਾਅਦ ਵਿਨੋਦ ਘਈ ਨੂੰ 30 ਜੁਲਾਈ 2022 ਨੂੰ ਨਵਾਂ ਐਡਵੋਕੇਟ ਨਿਯੁਕਤ ਕਰ ਲਿਆ ਜਾਂਦਾ ਹੈ। 


ਵਿਨੋਦ ਘਈ ਦੇ ਅਸਤੀਫ਼ੇ ਦੀ ਚਰਚਾ ਲੰਬੇ ਸਮੇਂ ਤੋਂ ਚੱਲ ਰਹੀ ਸੀ ਪਰ ਇਹ ਉਦੋਂ ਹੋਇਆ ਜਦੋਂ ਪੰਜਾਬ ਸਰਕਾਰ ਨੂੰ 13000 ਪੰਚਾਇਤਾਂ ਭੰਗ ਕਰਨ ਦੇ ਫ਼ੈਸਲੇ ਨੂੰ ਹਾਈ ਕੋਰਟ 'ਚੋਂ ਵਾਪਸ ਲੈਣਾ ਪਿਆ। ਪੰਚਾਇਤਾਂ ਨੂੰ ਭੰਗ ਕਰਨ ਦੇ ਫ਼ੈਸਲੇ ’ਤੇ ਹਾਈ ਕੋਰਟ ਦੀ ਟਿੱਪਣੀ ਕਾਰਨ ਪੰਜਾਬ ਸਰਕਾਰ ਦੀ ਕਾਫ਼ੀ ਕਿਰਕਿਰੀ ਹੋਈ ਸੀ। 


ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਨੂੰ ਵੀ ਸਰਕਾਰ ਖ਼ਿਲਾਫ਼ ਬਹੁਤ ਵੱਡਾ ਮੁੱਦਾ ਮਿਲ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਸਰਕਾਰ ਨੇ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਡੀਕੇ ਤਿਵਾੜੀ ਅਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਮੁਅੱਤਲ ਕਰ ਦਿੱਤਾ ਸੀ ਪਰ ਸਰਕਾਰ ਦੀ ਇਸ ਕਾਰਵਾਈ ਨੂੰ ਇਕਪਾਸੜ ਮੰਨਿਆ ਜਾ ਰਿਹਾ ਸੀ। ਇਸ ਮੁੱਦੇ 'ਤੇ ਹਾਈ ਕੋਰਟ ਦੀ ਝਾੜ ਤੋਂ ਬਾਅਦ ਹੀ ਮੰਨਿਆ ਜਾ ਰਿਹਾ ਸੀ ਕਿ ਸਰਕਾਰ ਐਡਵੋਕੇਟ ਜਨਰਲ ਤੋਂ ਅਸਤੀਫ਼ਾ ਲੈ ਸਕਦੀ ਹੈ। ਜਿਸ 'ਤੇ ਬੀਤੀ ਸ਼ਾਮ ਮੁਹਰ ਲੱਗ ਗਈ ਸੀ।