Punjab News: ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ, ਖਾਧੀਆਂ ਖ਼ੁਰਾਕਾਂ ਕੰਮ ਆਉਣਗੀਆਂ, ਇਸ ਗੱਲ ਨੂੰ ਮੁੜ ਸੱਚ ਕਰ ਵਿਖਾਇਆ ਹੈ ਗੁਰਦਾਸਪੁਰ ਦੇ ਕੁੰਵਰ ਅੰਮ੍ਰਿਤਬੀਰ ਸਿੰਘ ਨੇ, 21 ਸਾਲਾਂ ਦੇ ਪੰਜਾਬੀ ਗੱਭਰੂ ਨੇ ਮਾਰਸ਼ਲ ਆਰਟ ਦੇ 'GOD' ਕਹੇ ਜਾਣ ਵਾਲੇ ਬਰੂਸ ਲੀ( Bruce lee) ਦਾ ਰਿਕਾਰਡ ਤੋੜ ਕੇ ਆਪਣੀ ਤਾਕਤ ਦਾ ਝੰਡਾ ਗੱਡ ਦਿੱਤਾ ਹੈ।


ਘਰ ਵਿੱਚ ਹੀ ਬਣਾਈ ਦੇਸ ਜਿੰਮ


ਕੁੰਵਰ ਅੰਮ੍ਰਿਤਬੀਰ ਸਿੰਘ ਨੇ ਆਪਣੇ ਘਰ ਵਿੱਚ ਦੇਸੀ ਢੰਗ ਤਰੀਕੇ ਨਾਲ ਮਿਹਨਤ ਕਰਕੇ ਸੋਸ਼ਲ ਮੀਡੀਆ 'ਤੇ ਇੱਕ ਫਿੱਟਨੈਸ ਪ੍ਰਭਾਵਕ ਵਜੋਂ ਪਹਿਚਾਣ ਬਣਾਈ ਹੈ।  ਇਸ ਨੌਜਵਾਨ ਨਾਲ ਪੰਜਾਬੀ ਹੀ ਨਹੀਂ ਸਗੋਂ ਦੇਸ਼-ਵਿਦੇਸ਼ ਤੋਂ ਨੌਜਵਾਨ ਜੁੜੇ ਹੋਏ ਹਨ। ਹੁਣ ਇਸ ਨੌਜਵਾਨ ਨੇ ਬਰੂਸ-ਲੀ ਦਾ ਡੰਡ(PUSH UP) ਲਾਉਣ ਵਿੱਚ ਰਿਕਾਰਡ ਤੋੜ ਕੇ ਆਪਣਾ ਨਾਂਅ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ 'ਚ ਦਰਜ ਕਰਵਾਇਆ ਹੈ|


ਅੰਮ੍ਰਿਤਬੀਰ ਸਿੰਘ ਨੇ ਕਰੀਬ ਤਿੰਨ ਸਾਲ ਪਹਿਲਾਂ ਕੁਝ ਵੱਖ ਕਰਨ ਦੀ ਸੋਚ ਨਾਲ ਮਿਹਨਤ ਸ਼ੁਰੂ ਕੀਤੀ ਸੀ ਪਰ ਪਿੰਡ ਵਿੱਚ ਜਿੰਮ ਨਾ ਹੋਣ ਕਰਕੇ ਉਸ ਨੇ ਇੰਟਰਨੈਟ ਤੋਂ ਪੁਰਾਣੇ ਤਰੀਕਿਆਂ ਨਾਲ ਕਸਰਤ ਕਰਨ ਦੇ ਤਰੀਕੇ ਲੱਭੇ ਤੇ ਦੇਖਦੇ ਹੀ ਦੇਖਦੇ ਘਰ ਵਿੱਚ ਹੀ ਇੱਕ ਦੇਸੀ ਜਿੰਮ ਤਿਆਰ ਕਰ ਲਿਆ। ਘਰ ਦੀ ਛੱਤ ਉੱਤੇ ਬਣਾਏ ਜਿੰਮ ਵਿੱਚ ਅਮ੍ਰਿਤਬੀਰ ਸਿੰਘ ਦੋ-ਦੋ ਘੰਟੇ ਕਸਰਤ ਕਰਦਾ ਸੀ।  ਆਪਣੇ ਬਣਾਏ ਇਸ ਦੇਸੀ ਜਿੰਮ ਵਿੱਚ ਉਹ ਕਸਰਤ ਕਰਨ ਦੇ ਨਾਲ-ਨਾਲ ਦੂਜੇ ਨੌਜਵਾਨਾਂ ਨੂੰ ਵੀ ਸੋਸ਼ਲ ਮੀਡੀਆ ਰਾਹੀਂ ਫਿਟਨੈੱਸ ਬਾਰੇ ਜਾਣਕਾਰੀ ਦਿੰਦਾ ਸੀ। ਆਪਣੀ ਇਸ ਜੀਅ ਤੋੜ ਮਿਹਤਨ ਸਕਦਾ ਅੰਮ੍ਰਿਤਬੀਰ ਸਿੰਘ ਆਪਣੇ ਨਾਂਅ ਕਈ ਰਿਕਾਰਡ ਦਰਜ ਕਰ ਚੁੱਕਿਆ ਹੈ।


ਜਾਣੋ ਕੀ ਹੈ ਬਰੂਸ ਲੀ ਦਾ ਰਿਕਾਰਡ


ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਵੱਖ ਤਰ੍ਹਾਂ ਦੇ ਡੰਡ ਲਾ ਕੇ ਉਸ ਨੇ ਮਿਸਰ(Egypt ) ਦੇ ਇੱਕ ਨੌਜਵਾਨ ਦਾ ਰਿਕਾਰਡ ਤੋੜ ਕੇ ਆਪਣਾ ਨਾਂਅ ਗਿਨੀਜ਼ ਬੁੱਕ ਵਿੱਚ ਦਰਜ ਕਰਵਾਇਆ ਸੀ।  ਜੇ ਹੁਣ ਨਵੇਂ ਬਣਾਏ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਬੀਰ ਸਿੰਘ ਨੇ 10 ਕਿਲੋ ਤੋਂ ਵੱਧ ਭਾਰ ਨਾਲ ਇੱਕ ਮਿੰਟ 'ਚ 86 ਡੰਡ ਲਾ ਕੇ ਬਰੂਸ ਲੀ ਦਾ ਰਿਕਾਰਡ ਤੋੜ ਦਿੱਤਾ ਹੈ। ਦੱਸ ਦਈਏ ਕਿ ਬਰੂਸ ਲੀ ਨੇ 83 ਡੰਡ ਲਾ ਕੇ ਇਹ ਰਿਕਾਰਡ ਆਪਣੇ ਨਾਂਅ ਕੀਤਾ ਸੀ।


ਸਰਕਾਰ ਮਦਦ ਕਰੇ ਤਾਂ ਪੰਜਾਬ ਦੀ ਜਵਾਨੀ ਆਵੇਗੀ ਨਸ਼ੇ ਤੋਂ ਬਾਹਰ


ਅੰਮ੍ਰਿਤਬੀਰ ਸਿੰਘ ਦਾ ਕਹਿਣਾ ਹੈ ਕਿ ਉਹ ਫਿਟਨੈੱਸ 'ਚ ਹੀ ਦੇਸ਼ ਅਤੇ ਵਿਦੇਸ਼ 'ਚ ਆਪਣਾ ਇੱਕ ਵੱਖਰਾ ਮੁਕਾਮ ਹਾਸਿਲ ਕਰਨਾ ਚਾਹੁੰਦਾ ਹੈ। ਇਸ ਦੇ ਨਾਲ ਹੀ ਨੌਜਵਾਨ ਨੇ ਖ਼ੁਸ਼ਖ਼ਬਰੀ ਦਿੰਦਿਆਂ ਦੱਸਿਆ ਕਿ ਉਹ ਛੇਤੀ ਹੀ ਇੱਕ ਐਕਸ਼ਨ ਫ਼ਿਲਮ ਵਿੱਚ ਬਤੌਰ ਹੀਰੋ ਆ ਰਿਹਾ ਹੈ। ਅੰਮ੍ਰਿਤਬੀਰ ਦਾ ਕਹਿਣਾ ਹੈ ਕਿ ਜੇ ਸਰਕਾਰ ਜਾ ਪ੍ਰਸ਼ਸ਼ਨ ਉਸਦਾ ਸਾਥ ਦੇਵੇ ਤਾ ਉਹ ਪੰਜਾਬ ਦੀ ਜਵਾਨੀ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਲਈ ਵਧੀਆ ਤਰੀਕੇ ਨਾਲ ਮੁਹਿੰਮ ਚਲਾ ਸਕਦਾ ਹੈ। ਉਸ ਨੇ ਆਸਵੰਦ ਹੁੰਦਿਆਂ ਉਮੀਦ ਜਤਾਈ ਕਿ ਸਰਕਾਰ ਉਸ ਦੀ ਅਪੀਲ ਜ਼ਰੂਰ ਸੁਣੇਗੀ।