ਗਗਨਦੀਪ ਸ਼ਰਮਾ
ਅੰਮ੍ਰਿਤਸਰ: ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਵਿੱਚ ਸੇਬ ਦੇ ਵਪਾਰੀਆਂ ਤੇ ਮਜ਼ਦੂਰਾਂ ਉੱਪਰ ਹੋਏ ਅੱਤਵਾਦੀ ਹਮਲੇ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਕਸਬੇ ਦਾ ਮਜ਼ਦੂਰ ਚਰਨਜੀਤ ਚੰਨੀ ਮਾਰਿਆ ਗਿਆ। ਇਸ ਤੋਂ ਇਲਾਵਾ ਜ਼ਖ਼ਮੀ ਸੰਜੇ ਕੋਮਾ ਵਿੱਚ ਹੈ। ਇਸ ਘਟਨਾ ਮਗਰੋਂ ਸੇਬ ਵਪਾਰੀਆਂ ਵਿੱਚ ਸਹਿਮ ਦਾ ਮਾਹੌਲ ਹੈ।
ਇਸ ਹਾਦਸੇ ਤੋਂ ਬਾਅਦ ਵਪਾਰੀਆਂ ਨੇ ਕਸ਼ਮੀਰ ਵਿੱਚ ਵਪਾਰ ਕਰਨ ਸਬੰਧੀ ਹੱਥ ਖੜ੍ਹੇ ਕਰ ਦਿੱਤੇ ਹਨ। ਇਸ ਦੇ ਨਾਲ ਹੀ ਮੰਗ ਕੀਤੀ ਜਾ ਰਹੀ ਹੈ ਕਿ ਜਿੰਨੇ ਵੀ ਵਪਾਰੀ ਕਸ਼ਮੀਰ ਵਿੱਚ ਫਸੇ ਹਨ, ਉਨ੍ਹਾਂ ਨੂੰ ਵਾਪਸ ਲਿਆਂਦਾ ਜਾਵੇ ਤੇ ਭਵਿੱਖ ਵਿੱਚ ਕਸ਼ਮੀਰ ਵਿੱਚ ਵਪਾਰ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਚੰਨੀ ਦੀ ਪਤਨੀ ਨੀਤੀ ਨੇ ਦੱਸਿਆ ਕਿ ਬੀਤੇ ਕੱਲ੍ਹ ਚਰਨਜੀਤ ਦਾ ਜਨਮ ਦਿਨ ਸੀ। ਉਸ ਨਾਲ ਗੱਲ ਹੋਈ ਸੀ। ਚੰਨੀ ਨੇ ਕਿਹਾ ਸੀ ਕਿ ਇੱਥੇ ਹਾਲਾਤ ਠੀਕ ਨਹੀਂ ਹਨ। ਉਹ ਕਸ਼ਮੀਰ ਤੋਂ 26 ਅਕਤੂਬਰ ਤੱਕ ਵਾਪਸ ਆ ਜਾਵੇਗਾ ਪਰ ਸ਼ਾਮ ਨੂੰ ਕੋਈ ਹੋਰ ਹੀ ਖ਼ਬਰ ਆ ਗਈ। ਚੰਨੀ ਦਾ ਸੱਤ ਸਾਲਾ ਪੁੱਤਰ ਪਿਤਾ ਦੀ ਘਰ ਵਾਪਸੀ ਬਾਰੇ ਵਾਰ ਵਾਰ ਪੁੱਛ ਰਿਹਾ ਹੈ।
ਚੰਨੀ ਪਿਛਲੇ 8-10 ਸਾਲ ਤੋਂ ਸ਼ੋਪੀਆ ਜ਼ਿਲ੍ਹੇ ਵਿੱਚ ਸੇਬ ਦੇ ਮੌਸਮ ਦੌਰਾਨ ਜਾਂਦਾ ਸੀ। ਇਸ ਵਾਰ ਵੀ ਤਕਰੀਬਨ 20 ਦਿਨ ਪਹਿਲਾਂ ਸੋਫੀਆ ਗਿਆ ਸੀ। ਉੱਥੇ ਸੇਬ ਦੇ ਬਾਗ ਵਿੱਚ ਉਸ ਉੱਪਰ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਉਸ ਦੀ ਮੌਤ ਹੋ ਗਈ। ਚੰਨੀ ਦਾ ਪਰਿਵਾਰ ਕਾਫੀ ਗਰੀਬ ਹੈ ਤੇ ਸਾਰੇ ਜੀਅ ਚੰਨੀ ਉੱਪਰ ਹੀ ਨਿਰਭਰ ਕਰਦੇ ਸਨ। ਇਸ ਲਈ ਪਰਿਵਾਰ ਵੱਲੋਂ ਜੰਮੂ ਕਸ਼ਮੀਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਵਿੱਤੀ ਮਦਦ ਦੀ ਮੰਗ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਇਸ ਅੱਤਵਾਦੀ ਹਮਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਤੇ ਫਿਲਹਾਲ ਕੋਮਾ ਵਿੱਚ ਚੱਲ ਰਹੇ ਸੰਜੇ ਦੇ ਪਰਿਵਾਰ ਨੂੰ ਵੀ ਗਹਿਰਾ ਸਦਮਾ ਲੱਗਾ ਹੈ। ਸੰਜੇ ਦੇ ਪਰਿਵਾਰਕ ਮੈਂਬਰ ਸ੍ਰੀਨਗਰ ਲਈ ਅੱਜ ਸਵੇਰੇ ਹੀ ਰਵਾਨਾ ਹੋ ਗਏ। ਸੰਜੇ ਦੇ ਚਾਚਾ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸੇਬ ਦਾ ਵਪਾਰ ਕਰ ਰਹੇ ਸਨ। ਸੰਜੇ ਉਨ੍ਹਾਂ ਦੇ ਮੁਲਾਜ਼ਮ ਵਜੋਂ ਹਰ ਸਾਲ ਕਸ਼ਮੀਰ ਵਿੱਚ ਜਾਂਦਾ ਸੀ।
ਪ੍ਰਸ਼ਾਸਨ ਵੱਲੋਂ ਦੋਵਾਂ ਪਰਿਵਾਰਾਂ ਨਾਲ ਲਗਾਤਾਰ ਤਾਲਮੇਲ ਬਣਾਇਆ ਹੋਇਆ ਹੈ। ਅਧਿਕਾਰੀ ਦੋਵਾਂ ਘਰਾਂ ਵਿੱਚ ਲਗਾਤਾਰ ਆ ਰਹੇ ਹਨ। ਅਬੋਹਰ ਦੀ ਐਸਡੀਐਮ ਪੂਨਮ ਸਿੰਘ ਨੇ ਦੱਸਿਆ ਕਿ ਦੇਰ ਸ਼ਾਮ ਤੱਕ ਚੰਨੀ ਦੀ ਲਾਸ਼ ਫਾਜ਼ਿਲਕਾ ਵਿੱਚ ਪਹੁੰਚ ਜਾਏਗੀ।
ਕਸ਼ਮੀਰ 'ਚ ਪੰਜਾਬੀਆਂ ਦੀ ਹੱਤਿਆ ਮਗਰੋਂ ਸੇਬ ਵਪਾਰੀਆਂ 'ਚ ਸਹਿਮ
ਏਬੀਪੀ ਸਾਂਝਾ
Updated at:
17 Oct 2019 05:24 PM (IST)
ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ਵਿੱਚ ਸੇਬ ਦੇ ਵਪਾਰੀਆਂ ਤੇ ਮਜ਼ਦੂਰਾਂ ਉੱਪਰ ਹੋਏ ਅੱਤਵਾਦੀ ਹਮਲੇ ਦੌਰਾਨ ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਕਸਬੇ ਦਾ ਮਜ਼ਦੂਰ ਚਰਨਜੀਤ ਚੰਨੀ ਮਾਰਿਆ ਗਿਆ। ਇਸ ਤੋਂ ਇਲਾਵਾ ਜ਼ਖ਼ਮੀ ਸੰਜੇ ਕੋਮਾ ਵਿੱਚ ਹੈ। ਇਸ ਘਟਨਾ ਮਗਰੋਂ ਸੇਬ ਵਪਾਰੀਆਂ ਵਿੱਚ ਸਹਿਮ ਦਾ ਮਾਹੌਲ ਹੈ।
- - - - - - - - - Advertisement - - - - - - - - -