Sidhu Moose Wala Last Rites : ਪੰਜਾਬ ਦੇ ਮਸ਼ਹੂਰ ਗਾਇਕ ਅਦਾਕਾਰ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੂਸੇ ਵਿੱਚ ਕੀਤਾ ਗਿਆ ਹੈ। ਇਸ ਦੌਰਾਨ ਹਜ਼ਾਰਾਂ ਲੋਕ ਪਹੁੰਚੇ। ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਉਨ੍ਹਾਂ ਦੇ ਪਸੰਦੀਦਾ ਟਰੈਕਟਰ 'ਤੇ ਕੱਢੀ ਗਈ। ਉਸਦੀ ਮ੍ਰਿਤਿਕ ਦੇਹ ਨਾਲ ਟਰੈਕਟਰ ਵਿੱਚ ਉਸਦੇ ਮਾਤਾ-ਪਿਤਾ ਵੀ ਮੌਜੂਦ ਸਨ। ਅੰਤਿਮ ਯਾਤਰਾ ਦੌਰਾਨ ਸਿੱਧੂ ਦੇ ਪਿਤਾ ਕਾਫੀ ਭਾਵੁਕ ਨਜ਼ਰ ਆਏ, ਜਿਸ ਦੌਰਾਨ ਉਨ੍ਹਾਂ ਨੇ ਆਪਣੀ ਪੱਗ ਵੀ ਲਾਹ ਦਿੱਤੀ। ਅੰਤਿਮ ਸਸਕਾਰ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਲਾਲ ਪੱਗ ਬੰਨ੍ਹੀ ਗਈ ਸੀ।


ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ 'ਚ ਹਜ਼ਾਰਾਂ ਦੀ ਗਿਣਤੀ 'ਚ ਪ੍ਰਸ਼ੰਸਕ ਇਕੱਠੇ ਹੋਏ ਹਨ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਆਪਣੇ ਪੁੱਤ ਨੂੰ ਸ਼ਰਧਾਂਜਲੀ ਦਿੱਤੀ। ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਐਤਵਾਰ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੂਸੇਵਾਲਾ (27)  ਕਾਂਗਰਸੀ ਆਗੂ ਵੀ ਸਨ। ਇਹ ਘਟਨਾ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਵਾਪਸ ਲੈਣ ਤੋਂ ਇਕ ਦਿਨ ਬਾਅਦ ਵਾਪਰੀ ਹੈ।


6 ਮਹੀਨੇ ਬਾਅਦ  ਹੋਣਾ ਸੀ ਵਿਆਹ 


ਸਿੱਧੂ ਮੂਸੇਵਾਲਾ ਦਾ 6 ਮਹੀਨੇ ਬਾਅਦ ਵਿਆਹ ਹੋਣਾ ਸੀ। ਦੱਸਿਆ ਜਾ ਰਿਹਾ ਹੈ ਕਿ ਸਿੱਧੂ ਦਾ ਵਿਆਹ ਅਕਤੂਬਰ 'ਚ ਤੈਅ ਹੋਇਆ ਸੀ। ਜਿਸ ਲੜਕੀ ਨਾਲ ਉਸ ਦਾ ਵਿਆਹ ਹੋਣਾ ਸੀ, ਉਸ ਦਾ ਵੀ ਰੋ-ਰੋ ਕੇ ਬੁਰਾ ਹਾਲ ਹੈ। ਬੀਤੇ ਦਿਨ ਵੀ ਉਨ੍ਹਾਂ ਦੀ ਹੋਣ ਵਾਲੀ ਪਤਨੀ ਆਪਣੇ ਪਰਿਵਾਰ ਸਮੇਤ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ ਸੀ। ਮੰਗਲਵਾਰ ਨੂੰ ਮੂਸੇਵਾਲਾ ਦੀ ਅੰਤਿਮ ਯਾਤਰਾ ਤੋਂ ਪਹਿਲਾਂ ਉਸਦੇ ਫ਼ੈਨਜ ਨੇ ਉਸਦੇ ਘਰ ਦੇ ਬਾਹਰ ਉਸਦੇ ਹੱਕ ਵਿੱਚ ਨਾਅਰੇ ਲਗਾਏ। ਇਸ ਦੇ ਨਾਲ ਹੀ ਉਨ੍ਹਾਂ ਦੀ ਮੌਤ 'ਤੇ ਭਾਰਤ ਹੀ ਨਹੀਂ ਕੈਨੇਡਾ 'ਚ ਵੀ ਸੋਗ ਮਨਾਇਆ ਜਾ ਰਿਹਾ ਹੈ।

ਲਾਰੈਂਸ ਬਿਸ਼ਨੋਈ ਗੈਂਗ ਨੇ ਇਸ ਕਤਲ ਦੀ ਲਈ ਸੀ ਜ਼ਿੰਮੇਵਾਰੀ 


ਲਾਰੈਂਸ ਬਿਸ਼ਨੋਈ ਗੈਂਗ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਬਿਸ਼ਨੋਈ ਮਕੋਕਾ ਦੇ ਤਹਿਤ ਸੰਗਠਿਤ ਅਪਰਾਧ ਦੇ ਮਾਮਲੇ 'ਚ ਦਿੱਲੀ ਦੀ ਤਿਹਾੜ ਜੇਲ 'ਚ ਬੰਦ ਹੈ। ਲਾਰੈਂਸ ਬਿਸ਼ਨੋਈ ਦੇ ਗਿਰੋਹ ਦੇ ਕੈਨੇਡੀਅਨ ਮੂਲ ਦੇ ਮੈਂਬਰ ਗੋਲਡੀ ਬਰਾੜ ਨੇ ਇੱਕ ਫੇਸਬੁੱਕ ਪੋਸਟ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ, ਮੂਸੇਵਾਲਾ ਨੂੰ ਦਿਨ-ਦਿਹਾੜੇ ਘੱਟੋ-ਘੱਟ 30 ਗੋਲੀਆਂ ਮਾਰੀਆਂ ਗਈਆਂ ਸੀ।

ਦੇਹਰਾਦੂਨ ਤੋਂ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ 

ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ 'ਚ ਪੁਲਿਸ ਨੇ ਸੋਮਵਾਰ ਨੂੰ ਦੇਹਰਾਦੂਨ ਤੋਂ ਪੰਜ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਹਮਲਾਵਰਾਂ ਨੂੰ ਫੜਨ ਲਈ ਸ਼ੁਰੂ ਕੀਤੇ ਗਏ ਯਤਨਾਂ ਦੇ ਨਾਲ-ਨਾਲ ਪੁਲਿਸ  ਸੀਸੀਟੀਵੀ ਫੁਟੇਜ 'ਚ ਦਿਖਾਈ ਦੇਣ ਵਾਲੇ ਲੋਕਾਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ, ਜਿਨ੍ਹਾਂ ਨੇ ਐਤਵਾਰ ਨੂੰ ਮਾਨਸਾ ਦੇ ਇਕ ਢਾਬੇ 'ਤੇ ਖਾਣਾ ਖਾਧਾ ਸੀ। ਇਹ ਸੀਸੀਟੀਵੀ ਫੁਟੇਜ ਉਸੇ ਢਾਬੇ ਦੀ ਹੈ।

ਸਿੱਧੂ ਮੂਸੇਵਾਲਾ ਦੇ ਕਤਲ 'ਤੇ ਪੰਜਾਬ ਦੇ ਮੁੱਖ ਮੰਤਰੀ ਨੇ ਕੀ ਕਿਹਾ?

ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ 'ਚ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਕਰਵਾਉਣ ਲਈ ਬੇਨਤੀ ਕਰੇਗੀ। ,