Punjabi Youth death in Canada: ਕੈਨੇਡਾ ਤੋਂ ਦਿਲ ਕੰਬਾਊ ਖਬਰ ਆਈ ਹੈ। ਇੱਕ ਪੰਜਾਬੀ ਨੌਜਵਾਨ ਦੀ ਹਾਦਸੇ ਮਗਰੋਂ ਹਸਪਤਾਲ 'ਚ 6 ਦਿਨਾਂ ਦੇ ਇਲਾਜ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ ਨੌਜਵਾਨ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਨੌਜਵਾਨ ਨੂੰ 4 ਮਹੀਨੇ ਪਹਿਲਾਂ ਹੀ ਵਰਕ ਪਰਮਿਟ ਮਿਲਿਆ ਸੀ। ਕਾਰ 'ਚ ਕੰਮ 'ਤੇ ਗਏ ਨੌਜਵਾਨ ਦਾ ਟਰਾਲੇ ਨਾਲ ਹਾਦਸਾ ਵਾਪਰ ਗਿਆ। ਮ੍ਰਿਤਕ ਦੀ ਪਛਾਣ ਕੰਵਰਪਾਲ ਸਿੰਘ ਵਾਸੀ ਸਮਾਣਾ, ਪਟਿਆਲਾ ਵਜੋਂ ਹੋਈ ਹੈ।
ਕੈਨੇਡਾ ਵਿੱਚ ਮ੍ਰਿਤਕ ਕੰਵਰਪਾਲ ਦੇ ਚਚੇਰੇ ਭਰਾ ਜਗਦੀਪ ਸਿੰਘ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਕੈਨੇਡਾ ਆਇਆ ਸੀ। ਹਾਲ ਹੀ ਵਿੱਚ ਉਸ ਨੂੰ ਵਰਕ ਪਰਮਿਟ ਮਿਲਿਆ ਸੀ। 20 ਅਗਸਤ, 2024 ਨੂੰ ਉਹ ਕੈਨੇਡਾ ਦੇ ਗੁਏਲਫ ਵਿੱਚ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਵਿੱਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ। ਹਾਦਸੇ ਕਾਰਨ ਦਿਮਾਗ 'ਤੇ ਸੱਟ ਲੱਗ ਗਈ ਸੀ ਤੇ ਫੇਫੜੇ ਪੰਕਚਰ ਹੋ ਗਏ ਸੀ। ਉਸ ਦੀ ਇੱਕ ਲੱਤ ਦੀ ਹੱਡੀ ਵੀ ਟੁੱਟ ਗਈ ਸੀ। ਉਹ 6 ਦਿਨ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਲਈ ਲੜਦਾ ਰਿਹਾ ਤੇ 26 ਅਗਸਤ 2024 ਨੂੰ ਉਸ ਦੀ ਮੌਤ ਹੋ ਗਈ।
ਮ੍ਰਿਤਕ ਕੰਵਰਪਾਲ ਸਿੰਘ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ 25 ਅਗਸਤ 2022 ਨੂੰ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਉਸ ਦੀ ਪੜ੍ਹਾਈ ਪੂਰੀ ਹੋ ਗਈ ਸੀ ਤੇ ਉਸ ਨੇ ਆਪਣੀ ਡਿਗਰੀ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੱਲ੍ਹ ਉਨ੍ਹਾਂ ਨੂੰ ਕੈਨੇਡਾ ਤੋਂ ਫ਼ੋਨ ਆਇਆ ਕਿ ਕੰਵਰਪਾਲ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਪਰਿਵਾਰ 'ਤੇ ਦੁੱਖ ਦਾ ਪਹਾੜ ਡਿੱਗ ਪਿਆ।
ਕੰਵਰਪਾਲ ਦੀ ਲਾਸ਼ ਭਾਰਤ ਲਿਆਉਣ ਲਈ ਕੈਨੇਡਾ ਵਿੱਚ ਉਸ ਦਾ ਦੋਸਤ ਤੇ ਚਚੇਰਾ ਭਰਾ ਜਗਦੀਪ ਸਿੰਘ ਫੰਡ ਇਕੱਠਾ ਕਰ ਰਹੇ ਹਨ। ਜਗਦੀਪ ਸਿੰਘ ਨੇ ਦੱਸਿਆ ਕਿ ਕੰਵਰਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਲਈ 40 ਹਜ਼ਾਰ ਡਾਲਰ ਦੇ ਫੰਡ ਦੀ ਲੋੜ ਹੈ। ਹੁਣ ਤੱਕ ਉਹ ਲਗਪਗ 27 ਹਜ਼ਾਰ ਡਾਲਰ ਇਕੱਠੇ ਕਰ ਚੁੱਕੇ ਹਨ। ਜਗਦੀਪ ਨੇ ਦੱਸਿਆ ਕਿ ਕੰਵਰਪਾਲ ਦਾ ਪਰਿਵਾਰ ਆਰਥਿਕ ਤੌਰ 'ਤੇ ਸਥਿਰ ਨਹੀਂ। ਕੰਵਰਪਾਲ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।