ਤਰਨ ਤਾਰਨ: ਪੰਜਾਬੀ ਨੌਜਵਾਨ ਦੀ ਦੁਬਈ ਵਿੱਚ ਮੌਤ ਹੋ ਗਈ ਹੈ। ਉਹ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਹ ਨੌਸ਼ਹਿਰਾ ਪਨੂੰਆਂ ਇਲਾਕੇ ਦੇ ਪਿੰਡ ਗੰਡੀਵਿੰਡ (ਧੱਤਲ) ਦਾ ਰਹਿਣ ਵਾਲਾ ਸੀ। ਪਰਿਵਾਰ ਨੇ ਸਰਕਾਰ ਕੋਲ ਉਸ ਦੀ ਲਾਸ਼ ਦੇਸ਼ ਲਿਆਉਣ ਦੀ ਮੰਗ ਕੀਤੀ ਹੈ।

ਹਾਸਲ ਜਾਣਕਾਰੀ ਮੁਤਾਬਕ ਪਿੰਡ ਗੰਡੀਵਿੰਡ (ਧੱਤਲ) ਦੇ ਵਸਨੀਕ ਗੁਰਮੁਖ ਸਿੰਘ ਦਾ ਇਕਲੌਤਾ ਬੇਟਾ ਸੁਖਬੀਰ ਸਿੰਘ ਸੋਨੂੰ (23) ਕਰੀਬ ਛੇ ਮਹੀਨੇ ਪਹਿਲਾਂ ਰੋਜ਼ੀ-ਰੋਟੀ ਲਈ ਦੁਬਈ ਗਿਆ ਸੀ। ਹੁਣ ਪਤਾ ਲੱਗਾ ਹੈ ਕਿ ਸੋਨੂੰ ਦੀ ਉੱਥੇ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ।

ਇਸ ਬਾਰੇ ਪਿੰਡ ਦੇ ਸਰਪੰਚ ਅਮਰਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਪਰਿਵਾਰ ਨਾਲ ਸਬੰਧਤ ਗੁਰਮੁਖ ਸਿੰਘ ਨੇ ਪਰਿਵਾਰ ਦੀ ਗ਼ਰੀਬੀ ਮਿਟਾਉਣ ਲਈ ਆਪਣੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ ਪਰ ਉੱਥੇ ਉਸ ਦੀ ਮੌਤ ਹੋ ਗਈ।

ਉਨ੍ਹਾਂ ਨੇ ਪੰਜਾਬ ਸਰਕਾਰ, ਕੇਂਦਰ ਸਰਕਾਰ, ਵਿਦੇਸ਼ ਮੰਤਰੀ ਤੇ ਡਿਪਟੀ ਕਮਿਸ਼ਨਰ ਕੋਲੋਂ ਸੁਖਬੀਰ ਸਿੰਘ ਦੀ ਲਾਸ਼ ਭਾਰਤ ਲਿਆਉਣ ਵਿੱਚ ਪਰਿਵਾਰ ਦੀ ਮਦਦ ਕਰਨ ਤੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।