ਚੰਡੀਗੜ੍ਹ: ਕਿਸੇ ਵੇਲੇ ਆਪਣੀ ਖੁਸ਼ਹਾਲੀ ਕਰਕੇ ਦੁਨੀਆ ਭਰ ਦੀ ਨਿਗ੍ਹਾ ਖਿੱਚਣ ਵਾਲੇ ਪੰਜਾਬ ਦੇ ਨੌਜਵਾਨ ਹੁਣ ਬੇਗਾਨੀ ਧਰਤੀ 'ਤੇ ਰੋਜ਼ੀ-ਰੋਟੀ ਲਈ ਰੁਲ ਰਹੇ ਹਨ। ਹਾਲਾਤ ਇਹ ਹਨ ਕਿ ਪਰਵਾਸ ਨਿਯਮ ਸਖਤ ਹੋਣ ਮਗਰੋਂ ਪੰਜਾਬੀ ਗੈਰ ਕਾਨੂੰਨੀ ਤਰੀਕਿਆਂ ਨਾਲ ਵੀ ਵਿਦੇਸ਼ ਜਾ ਰਹੇ ਹਨ। ਇਸ ਕਰਕੇ ਅਕਸਰ ਹੀ ਵਿਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਰੁਲਣ ਦੀਆਂ ਖਬਰਾਂ ਆਉਂਦੀਆਂ ਹਨ।

ਤਾਜ਼ਾ ਮਾਮਲਾ ਦੋਆਬਾ ਦੇ 26 ਨੌਜਵਾਨਾਂ ਦਾ ਹੈ ਜੋ ਰੂਸ ਵਿੱਚ ਫਸੇ ਹੋਏ ਹਨ। ਇਨ੍ਹਾਂ ਨੌਜਵਾਨਾਂ ਨੂੰ ਚੰਗੇ ਰੁਜ਼ਗਾਰ ਦਾ ਸੁਫਨਾ ਦਿਖਾ ਕੇ ਰੂਸ ਭੇਜਿਆ ਗਿਆ ਪਰ ਸਮਝੌਤੇ ਮੁਤਾਬਕ ਉਨ੍ਹਾਂ ਨੂੰ ਕੋਈ ਨੌਕਰੀ ਨਾ ਮਿਲਣ ਕਾਰਨ ਉਹ ਠੋਕਰਾਂ ਖਾਣ ਲਈ ਮਜਬੂਰ ਹਨ। ਪਿੰਡ ਪਾਂਸਲਾ ਦਾ ਨੌਜਵਾਨ ਮਲਕੀਅਤ ਸਿੰਘ ਉਰਫ਼ ਸੋਨੂੰ ਉੱਥੇ ਅਚਾਨਕ ਬਿਮਾਰ ਹੋ ਗਿਆ। ਕੰਪਨੀ ਵੱਲੋਂ ਸਮੇਂ ਸਿਰ ਇਲਾਜ ਨਾ ਕਰਵਾਏ ਜਾਣ ਕਰਕੇ ਉਸ ਦੀ ਮੌਤ ਹੋ ਗਈ। ਉਸ ਦੇ ਨਾਲ ਗਏ ਪਿੰਡ ਰੁੜਕੀ ਦੇ ਜੋਗਿੰਦਰਪਾਲ ਨੇ ਮਲਕੀਅਤ ਦੀ ਦੇਹ ਨੂੰ ਪਾਂਸਲਾ ਲਿਆਂਦਾ।

ਜੋਗਿੰਦਰਪਾਲ ਨੇ ਦੱਸਿਆ ਕਿ ਕੰਪਨੀ ਵੱਲੋਂ ਮਲਕੀਅਤ ਦੀ ਦੇਹ ਨੂੰ ਭਾਰਤ ਭੇਜਣ ਲਈ ਕੋਈ ਵੀ ਪੈਸਾ ਤੇ ਸਹਿਯੋਗ ਨਹੀਂ ਕੀਤਾ ਗਿਆ ਪਰ 25 ਨੌਜਵਾਨਾਂ ਨੇ 4-5 ਲੱਖ ਰੁਪਏ ਇਕੱਠੇ ਕਰਕੇ ਉਸ ਦੀ ਲਾਸ਼ ਨੂੰ ਪਿੰਡ ਲਿਆਂਦਾ। ਜੋਗਿੰਦਰਪਾਲ ਨੇ ਦੱਸਿਆ ਕਿ ਕੰਪਨੀ ਨੇ ਉਸ ਨੂੰ ਪਾਸਪੋਰਟ ਦੇਣ ਸਮੇਂ ਧਮਕੀ ਦਿੱਤੀ ਕਿ ਜੇਕਰ ਉਹ ਰੂਸ ਨਾ ਪਰਤਿਆ ਤਾਂ ਉਸ ਦੇ ਬਾਕੀਆਂ ਸਾਥੀਆਂ ਨੂੰ ਭਾਰਤ ਨਹੀਂ ਆਉਣ ਦਿੱਤਾ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਰੂਸ ’ਚ ਫ਼ਸੇ ਬਾਕੀ ਨੌਜਵਾਨਾਂ ਨੂੰ ਵੀ ਛੁਡਾਇਆ ਜਾਵੇ।

ਇਸੇ ਤਰ੍ਹਾਂ ਆਬਾਦੀ ਨਾਰੰਗਸ਼ਾਹਪੁਰ ਵਾਸੀ ਪਿੰਕੂ ਰਾਮ 7 ਮਹੀਨੇ ਪਹਿਲਾਂ ਰੁਜ਼ਗਾਰ ਦੀ ਖਾਤਰ ਕਰਜ਼ਾ ਚੁੱਕ ਕੇ ਇੱਕ ਲੱਖ 20 ਰੁਪਏ ਏਜੰਟ ਨੂੰ ਦੇ ਕੇ ਰੂਸ ਗਿਆ ਸੀ ਪਰ ਉੱਥੇ ਦੱਸੀ ਗਈ ਕੰਪਨੀ ਦੀ ਥਾਂ ’ਤੇ ਕਿਸੇ ਹੋਰ ਕੰਪਨੀ ’ਚ 8-9 ਹਜ਼ਾਰ ਰੁਪਏ ’ਤੇ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਏਜੰਟ ਨਾਲ 35 ਹਜ਼ਾਰ ਰੁਪਏ ਮਹੀਨਾ 5 ਘੰਟੇ ਦੇ ਹਿਸਾਬ ਨਾਲ 2 ਘੰਟੇ ਓਵਰ ਟਾਈਮ ਕੰਮ ਦੀ ਗੱਲ ਹੋਈ ਸੀ ਪਰ ਉੱਥੇ ਅਜਿਹਾ ਕੋਈ ਕੰਮ ਨਹੀਂ ਮਿਲਿਆ।

ਉਧਰ, ਪੁਲਿਸ ਨੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਸੁਰਿੰਦਰ ਸਿੰਘ ਵਾਸੀ ਕੋਟਭਾਈ ਮੁਕਤਸਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਰੂਸ ’ਚ ਕੁਝ ਸਾਲ ਪਹਿਲਾਂ ਨੌਕਰੀ ਕਰਨ ਗਿਆ ਸੀ ਤੇ ਉੱਥੇ ਕੰਪਨੀ ਨੂੰ ਵਿਅਕਤੀ ਦੀ ਜ਼ਰੂਰਤ ਸੀ। ਮੁਲਜ਼ਮ ਨੇ ਕੰਪਨੀ ਤੋਂ ਇੱਕ ਲੇਬਰ ਦੀ ਲੋੜ ਦਾ ਕਾਗਜ਼ ਤਿਆਰ ਕਰਵਾ ਕੇ ਲਿਆਂਦਾ ਤੇ ਕਾਬੂ ਕੀਤੇ ਏਜੰਟ ਦਲਜੀਤ ਸਿੰਘ ਜੋ ਇਸ ਦੇ ਸੰਪਰਕ ਵਿੱਚ ਸੀ, ਨਾਲ ਸਕੀਮ ਲੜਾ ਕੇ ਕੁਝ ਹੋਰ ਵੀਜ਼ਾ ਮਾਹਿਰਾਂ ਨਾਲ ਸੰਪਰਕ ਕਰਕੇ ਇਨ੍ਹਾਂ ਲੋਕਾਂ ਨੂੰ ਵਿਦੇਸ਼ ਜਾਣ ਲਈ ਤਿਆਰ ਕਰ ਲਿਆ। ਰੂਸ ਗਏ ਵਿਅਕਤੀਆਂ ਨੂੰ ਇਨ੍ਹਾਂ 35 ਹਜ਼ਾਰ ਰੁਪਏ ਤਨਖ਼ਾਹ ਦੱਸੀ ਸੀ ਤੇ ਉੱਥੇ ਜਾ ਕੇ ਇਹ 20 ਹਜ਼ਾਰ ਰੁਪਏ ਤਨਖਾਹ ਦੇਣ ਲਈ ਅੜ੍ਹ ਗਏ।