Punjab News: ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਵਾਰ ਫਿਰ ਭਾਜਪਾ-ਅਕਾਲੀ ਦਲ ਗਠਜੋੜ ਨੂੰ ਜ਼ਰੂਰੀ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਇੱਕ ਵਾਰ ਫਿਰ 1996 ਵਾਂਗ ਹਾਲਾਤ ਬਣ ਰਹੇ ਹਨ। ਜਿਸ ਤਰ੍ਹਾਂ ਉਸ ਵੇਲੇ ਧਾਰਮਿਕ ਸਾਂਝ ਅਤੇ ਅਮਨ ਲਈ ਗਠਜੋੜ ਕੀਤਾ ਗਿਆ ਸੀ, ਅੱਜ ਵੀ ਓਹੀ ਲੋੜ ਹੈ ਕਿ ਦੋਵਾਂ ਪਾਰਟੀਆਂ ਮੁੜ ਇੱਕਠੀਆਂ ਹੋਣ। ਇਸ ਮੌਕੇ ਜਾਖੜ ਨੇ ਆਪਣੀ ਪਾਰਟੀ ਨੂੰ ਪੰਜਾਬੀਆਂ ਨਾਲ ਜੁੜਣ ਦੀ ਸਲਾਹ ਦਿੱਤੀ ਹੈ।
ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਉਤੇ ਲਿਖਿਆ, ਪੰਜਾਬ ਸਿਰਫ਼ ਇੱਕ ਸੂਬਾ ਨਹੀਂ ਹੈ .. ਇਹ ਇੱਕ ਡੂੰਘਾ ਭਾਵੁਕ ਅਤੇ ਸਵੈ-ਮਾਣ ਵਾਲਾ ਸਮਾਜ ਹੈ। ਪੰਜਾਬੀ ਲਚਕੀਲੇ ਹਨ, ਆਪਣੇ ਇਤਿਹਾਸ 'ਤੇ ਮਾਣ ਕਰਦੇ ਹਨ, ਅਤੇ ਭਾਵਨਾਵਾਂ ਦੁਆਰਾ ਪ੍ਰੇਰਿਤ ਹਨ ਪਰ ਸਮੇਂ ਦੇ ਨਾਲ, ਉਹ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨਾਲ ਬੇਇਨਸਾਫ਼ੀ ਹੋਈ ਹੈ, ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ, ਅਤੇ ਉਨ੍ਹਾਂ ਦੇ ਭਾਵਨਾਤਮਕ ਅਤੇ ਰਾਜਨੀਤਿਕ ਯੋਗਦਾਨ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਹ ਵਿੱਤੀ ਪੈਕੇਜਾਂ ਤੋਂ ਵੱਧ ਚਾਹੁੰਦੇ ਹਨ ... ਉਹ ਮਾਨਤਾ, ਸਤਿਕਾਰ ਅਤੇ ਆਪਣੇਪਣ ਦੀ ਭਾਵਨਾ ਚਾਹੁੰਦੇ ਹਨ।
ਇਹ ਸਮਝਣਾ ਚਾਹੀਦਾ ਹੈ ਕਿ - ਪਗੜੀ (ਦਸਤਾਰ) ਦਾ ਅਰਥ ਸਿਰਫ਼ ਪੱਗ ਨਹੀਂ ਹੈ ਸਗੋਂ 'ਸਰਦਾਰੀ' - ਸਵੈ-ਮਾਣ ਦਾ ਪ੍ਰਤੀਕ ਵੀ ਹੈ।
ਪੰਜਾਬ ਦੇ ਲੋਕਾਂ ਨੂੰ ਇੱਕ ਅਜਿਹੀ ਪਾਰਟੀ ਦੀ ਲੋੜ ਹੈ ਜੋ ਦਿਲੋਂ ਬੋਲਦੀ ਹੋਵੇ ਨਾ ਕਿ ਸਿਰਫ਼ ਪ੍ਰਸ਼ਾਸਕਾਂ ਵਜੋਂ, । ਇਹੀ ਉਹ ਥਾਂ ਹੈ ਜਿੱਥੇ ਭਾਜਪਾ ਨੂੰ ਆਪਣੇ ਆਪ ਨੂੰ ਨੌਜਵਾਨ, ਭਰੋਸੇਯੋਗ, ਇਮਾਨਦਾਰ ਅਤੇ ਸਮਝੌਤਾ ਨਾ ਕਰਨ ਵਾਲੇ ਆਗੂਆਂ ਨਾਲ ਜੋੜਨ ਦੀ ਲੋੜ ਹੈ ਜੋ ਪੰਜਾਬ ਦੀ ਭਾਵਨਾ ਨੂੰ ਦਰਸਾਉਂਦੇ ਹਨ। ਸਾਡਾ ਧਿਆਨ ਚੋਣ ਲਾਭਾਂ 'ਤੇ ਨਹੀਂ ਸਗੋਂ ਪੰਜਾਬੀਆਂ ਦਾ ਵਿਸ਼ਵਾਸ ਹਾਸਲ ਕਰਨ 'ਤੇ ਹੋਣਾ ਚਾਹੀਦਾ ਹੈ।
ਜਾਖੜ ਨੇ ਕਿਹਾ ਕਿ ਪਾਰਟੀ ਨੂੰ ਪੰਜਾਬ ’ਚ ਸਿਰਫ਼ ਚੋਣਾਂ ਨਹੀਂ, ਸਗੋਂ ਲੋਕਾਂ ਦਾ ਭਰੋਸਾ ਜਿੱਤਣਾ ਚਾਹੀਦਾ ਹੈ। ਪੰਜਾਬ ਸਿਰਫ਼ ਜ਼ਮੀਨ ਦਾ ਟੁਕੜਾ ਨਹੀਂ, ਇੱਥੇ ਦੇ ਲੋਕ ਆਪਣੀ ਇੱਜ਼ਤ ਅਤੇ ਸੱਭਿਆਚਾਰ ਨੂੰ ਬਹੁਤ ਮਹੱਤਵ ਦਿੰਦੇ ਹਨ। ਇੱਥੇ 'ਪੱਗ' ਤੇ 'ਦਸਤਾਰ' ਸਿਰਫ਼ ਪਹਿਰਾਵਾ ਨਹੀਂ, ਸਗੋਂ ਆਤਮ-ਗੌਰਵ ਦਾ ਪ੍ਰਤੀਕ ਹਨ।
ਜਾਖੜ ਨੇ ਕਿਹਾ ਕਿ 2021 ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦਿੱਤਾ, ਤਾਂ ਕਾਂਗਰਸ ਨੇ ਸਿਰਫ ਇਸ ਗੱਲ ਕਰਕੇ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਕਿਉਂਕਿ ਉਹ ਹਿੰਦੂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਧਰਮ ਦੀ ਨਜ਼ਰ ਨਾਲ ਦੇਖਣਾ ਗਲਤ ਹੈ। ਪੰਜਾਬੀਅਤ ਦਾ ਅਰਥ ਹੀ ਧਰਮਨਿਰਪੱਖਤਾ ਹੈ, ਜਿਸ ਨੂੰ ਕਾਂਗਰਸ ਸਮਝਣ ਵਿੱਚ ਅਸਫਲ ਰਹੀ। ਉਨ੍ਹਾਂ ਕਾਂਗਰਸ ਨੂੰ ਪੰਜਾਬ ਲਈ ਸਭ ਤੋਂ ਵੱਡਾ ਖ਼ਤਰਾ ਦੱਸਿਆ।