ਚੰਡੀਗੜ੍ਹ: ਕੋਰੋਨਾ ਲੌਕਡਾਉਨ ਦੌਰਾਨ ਟੈਕਸਾਂ ਤੋਂ ਹੋਣ ਵਾਲੀ ਤੇ ਗ਼ੈਰ ਟੈਕਸ ਆਮਦਨ ਬਹੁਤ ਜ਼ਿਆਦਾ ਘਟ ਗਈ ਸੀ ਪਰ ਆਬਕਾਰੀ ( Excise Tax) ਤੋਂ ਹੋਣ ਵਾਲੀ ਆਮਦਨ ਕਾਰਨ ਹੁਣ ਪੰਜਾਬ ਨੂੰ ਕੁਝ ਰਾਹਤ ਮਿਲੀ ਹੈ। ਪੰਜਾਬ ਦੇ ਖਜ਼ਾਨੇ (Punjab Income) ਨੂੰ ਭਰਨ ਲਈ ਪਿਆਕੜਾਂ ਨੇ ਵੱਡਾ ਰੋਲ ਨਿਬਾਇਆ ਹੈ। ਹੁਣ ਤੱਕ ਮਾਲੀਆ ਦਾ ਵੱਡਾ ਹਿੱਸਾ ਆਬਕਾਰੀ ਕਰ ਤੋਂ ਹੀ ਆਇਆ ਹੈ।

ਬੀਤੇ ਅਕਤੂਬਰ ਮਹੀਨੇ ਦੌਰਾਨ ਹੀ ਆਬਕਾਰੀ ਆਮਦਨ ਵਿੱਚ 20 ਫ਼ੀਸਦੀ ਵਾਧਾ ਹੋਇਆ ਹੈ। ਅਕਤੂਬਰ 2019 ’ਚ ਇਹ ਆਮਦਨ 419 ਕਰੋੜ ਰੁਪਏ ਸੀ ਤੇ ਪਿਛਲੇ ਮਹੀਨੇ ਉਹ ਵਧ ਕੇ 501 ਕਰੋੜ ਰੁਪਏ ਹੋ ਗਈ। ਇੰਝ ਹੀ ਪਿਛਲੇ ਸਾਲ 2019 ’ਚ ਅਪ੍ਰੈਲ ਤੋਂ ਅਕਤੂਬਰ ਤੱਕ 2,735 ਕਰੋੜ ਦੀ ਆਬਕਾਰੀ ਆਮਦਨ ਹੋਈ ਸੀ ਤੇ ਇਸ ਵਰ੍ਹੇ 2020 ’ਚ ਅਪ੍ਰੈਲ ਤੋਂ ਅਕਤੂਬਰ ਤੱਕ ਇਹ ਆਮਦਨ ਵਧ ਕੇ 2,984 ਕਰੋੜ ਰੁਪਏ ਹੋ ਗਈ ਸੀ।

ਦੱਸ ਦਈਏ ਕਿ ਪੰਜਾਬ ਸਰਕਾਰ ਪਹਿਲਾਂ ਹੀ ਆਰਥਿਕ ਤੰਗੀਆਂ-ਤੁਰਸ਼ੀਆਂ ਦਾ ਸਾਹਮਣਾ ਕਰ ਰਹੀ ਹੈ। ਦਰਅਸਲ, ਸੂਬਾ ਸਰਕਾਰ ਨੇ ਸ਼ਰਾਬ ਦੀ ਸਮੱਗਲਿੰਗ ਤੇ ਗ਼ੈਰ-ਕਾਨੂੰਨੀ ਤਰੀਕੇ ਵਿਕਣ ਵਾਲੀ ਸ਼ਰਾਬ ਉੱਤੇ ਸਖ਼ਤੀ ਕੀਤੀ, ਤਦ ਜਾ ਕੇ ਆਬਕਾਰੀ ਆਮਦਨ ਵਿੱਚ ਇਹ ਵਾਧਾ ਵੇਖਣ ਨੂੰ ਮਿਲਿਆ ਹੈ। ਸੂਬਾ ਸਰਕਾਰ ਦੀ ਆਬਕਾਰੀ ਆਮਦਨ ਵਿੱਚ ਵਾਧੇ ਦਾ ਦਾਅਵਾ ਐਕਸਾਈਜ਼ ਵਿਭਾਗ ਨੇ ਕੀਤਾ ਹੈ।

ਆਬਕਾਰੀ ਤੇ ਟੈਕਸੇਸ਼ਨ ਦੇ ਵਿੱਤ ਕਮਿਸ਼ਨਰ ਏ. ਵੇਨੂੰ ਪ੍ਰਸਾਦ ਨੇ ਦੱਸਿਆ ਕਿ ਇਸ ਵਰ੍ਹੇ ਕਾਨੂੰਨੀ ਸ਼ਰਾਬ ਦੀ ਵਿਕਰੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਗ਼ੈਰ–ਕਾਨੂੰਨੀ ਤਰੀਕੇ ਵਿਕਣ ਵਾਲੀ ਬਹੁਤੀ ਸ਼ਰਾਬ ਹਰਿਆਣਾ ਦੀ ਇੱਕ ਡਿਸਟਿਲਰੀ ’ਚ ਤਿਆਰ ਹੁੰਦੀ ਰਹੀ ਹੈ।

ਪਿੱਛੇ ਜਿਹੇ ਜਦੋਂ ਗ਼ੈਰਕਾਨੂੰਨੀ ਤਰੀਕੇ ਕੱਢੀ ਸ਼ਰਾਬ ਪੀ ਕੇ ਪੰਜਾਬ ਵਿੱਚ 120 ਜਾਨਾਂ ਚਲੀਆਂ ਗਈਆਂ ਸਨ, ਉਸ ਤੋਂ ਬਾਅਦ ਹੀ ਸਮੁੱਚੇ ਸੂਬੇ ਵਿੱਚ ਚੱਲਦੀਆਂ ਸ਼ਰਾਬ ਦੀਆਂ ਨਾਜਾਇਜ਼ ਭੱਠੀਆਂ ਫੜ ਕੇ ਬੰਦ ਕਰਵਾਈਆਂ ਗਈਆਂ ਸਨ। ਗ਼ੈਰਕਾਨੂੰਨੀ ਤਰੀਕੇ ਸ਼ਰਾਬ ਕੱਢਣ ਵਾਲਿਆਂ ਵਿਰੁੱਧ ਪੰਜਾਬ ਸਰਕਾਰ ਨੇ ‘ਆਪਰੇਸ਼ਨ ਰੈੱਡ ਰੋਜ਼’ ਚਲਾਇਆ ਸੀ।

ਉਸ ਦੇ ਨਾਲ ਹੀ ਗ਼ੈਰਕਾਨੂੰਨੀ ਸ਼ਰਾਬ ਦੀ ਵਿਕਰੀ ਕਰਨ ਵਾਲਿਆਂ ਨੂੰ ਵੀ ਨੱਥ ਪਾਈ ਗਈ ਸੀ। ਉਸ ਤੋਂ ਬਾਅਦ ਹੀ ਸਮੱਗਲਿੰਗ ਉੱਤੇ ਕਾਬੂ ਪਾਉਣ ’ਚ ਵੀ ਮਦਦ ਮਿਲੀ ਸੀ। ਉਸ ਆਪਰੇਸ਼ਨ ਤੋਂ ਬਾਅਦ ਜਦੋਂ ਕਾਨੂੰਨੀ ਸ਼ਰਾਬ ਦੀ ਵਿਕਰੀ ਵਧੀ, ਤਦ ਜਾ ਕੇ ਆਬਕਾਰੀ ਆਮਦਨ ਵਧਣ ਲੱਗੀ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904