Power Cuts in Punjab: ਪੰਜਾਬ ਅੰਦਰ ਬਿਜਲੀ ਸੰਕਟ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਉੱਪਰ ਆ ਗਈ ਹੈ। ਵਿਰੋਧੀ ਧਿਰਾਂ ਪੰਜਾਬ ਸਰਕਾਰ ਨੂੰ 24 ਘੰਟੇ ਬਿਜਲੀ ਸਪਲਾਈ ਦਾ ਵਾਅਦਾ ਯਾਦ ਕਰਵਾ ਰਹੇ ਹਨ। ਬੀਜੇਪੀ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਆਮ ਆਦਮੀ ਪਾਰੀ ਦੇ ਸੁਪਰੀਮੋ ਵੱਲੋਂ 24 ਘੰਟੇ ਬਿਜਲੀ ਸਪਲਾਈ ਦੀ ਦਿੱਤੀ ਗਈ ਗਰੰਟੀ ਦੀ ਤਸਵੀਰ ਸ਼ੇਅਰ ਕਰਕੇ ਸਵਾਲ ਉਠਾਏ ਹਨ।
ਸੁਭਾਸ਼ ਸ਼ਰਮਾ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਦੱਸਣ ਕਿ ਉਨ੍ਹਾਂ ਨੇ ਪੰਜਾਬ ਵਿੱਚ ਮੁਫਤ ਬਿਜਲੀ ਦੇਣ ਦੀ ਗੱਲ ਕੀਤੀ ਜਾਂ ਪੰਜਾਬ ਨੂੰ ਬਿਜਲੀ ਮੁਕਤ ਕਰਨ ਦੀ ਗੱਲ ਕਹੀ ਸੀ? ਬਿਜਲੀ ਦੇ ਕੱਟਾਂ ਕਾਰਨ ਲੋਕ ਦੁਖੀ ਹਨ ਪਰ ਮੁੱਖ ਮੰਤਰੀ ਤੇ ਸਮੁੱਚੀ ਸਰਕਾਰ ਸੱਤਾ ਦੇ ਨਸ਼ੇ ਵਿੱਚ ਧੁੱਤ ਹੈ। ਮਾਨ ਸਾਹਿਬ ਨੀਰੋ ਨਾ ਬਣੋ, ਸਿਆਸੀ ਸੈਰ-ਸਪਾਟਾ ਬੰਦ ਕਰੋ ਤੇ ਜਨਤਾ ਦਾ ਖਿਆਲ ਰੱਖੋ।
ਦੱਸ ਦਈਏ ਕਿ ਪੰਜਾਬ ਵਿੱਚ ਬਿਜਲੀ ਸੰਕਟ (Punjab Power Crisis) ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਵੀਰਵਾਰ ਨੂੰ ਪੰਜਾਬ ਵਿੱਚ 7500 ਮੈਗਾਵਾਟ ਦੀ ਸਭ ਤੋਂ ਵੱਧ ਮੰਗ ਦੇ ਮੁਕਾਬਲੇ ਪੂਰਤੀ ਸਿਰਫ਼ 4400 ਮੈਗਾਵਾਟ ਸੀ। ਪਾਵਰਕੌਮ (Punjab powercom) ਨੇ ਬਾਹਰੋਂ ਮਹਿੰਗੇ ਭਾਅ ’ਤੇ ਬਿਜਲੀ ਖਰੀਦੀ ਜੋ ਨਾਕਾਫ਼ੀ ਰਹੀ। ਉਦਯੋਗਾਂ ਨੂੰ ਸਾਢੇ ਛੇ ਘੰਟੇ ਤੱਕ ਦੀ ਕਟੌਤੀ (Power Cuts) ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਪਿੰਡਾਂ ਵਿੱਚ 12 ਤੋਂ 13 ਘੰਟੇ ਤੇ ਸ਼ਹਿਰਾਂ ਵਿੱਚ ਤਿੰਨ ਤੋਂ ਚਾਰ ਘੰਟੇ ਦੀ ਕਟੌਤੀ ਕਾਰਨ ਲੋਕ ਬੇਹਾਲ ਹੋ ਗਏ।
ਸੂਬੇ 'ਚ ਬਿਜਲੀ ਸੰਕਟ ਦਰਮਿਆਨ ਪਾਵਰਕੌਮ ਨੇ ਵੀਰਵਾਰ ਨੂੰ ਰੋਪੜ ਦਾ ਇੱਕ ਯੂਨਿਟ ਦੁਪਹਿਰ ਕਰੀਬ 3 ਵਜੇ ਬੰਦ ਕਰ ਦਿੱਤਾ ਪਰ ਇਸ ਵੇਲੇ 210 ਮੈਗਾਵਾਟ ਦੇ ਇਸ ਯੂਨਿਟ ਤੋਂ ਸਿਰਫ਼ 84 ਮੈਗਾਵਾਟ ਬਿਜਲੀ ਮਿਲ ਰਹੀ ਹੈ, ਜਦੋਂਕਿ ਵੀਰਵਾਰ ਨੂੰ ਰੋਪੜ ਵਿੱਚ ਚਾਰ ਵਿੱਚੋਂ ਇੱਕ, ਤਲਵੰਡੀ ਸਾਬੋ ਵਿੱਚ ਤਿੰਨ ਵਿੱਚੋਂ ਦੋ ਤੇ ਗੋਇੰਦਵਾਲ ਸਾਹਿਬ ਦੇ ਦੋ ਯੂਨਿਟਾਂ ਵਿੱਚੋਂ ਇੱਕ ਬੰਦ ਰਿਹਾ। ਇਸ ਨਾਲ 1926 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ।