ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਵਧ ਰਿਹਾ ਹੈ। ਅਜਿਹੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਨੂੰ ਫ਼ਿਰੋਜ਼ਪੁਰ ਰੈਲੀ ਬਾਰੇ ਸਵਾਲ ਖੜ੍ਹੇ ਹੋਣ ਲੱਗੇ ਹਨ। ਬੀਜੇਪੀ ਇਸ ਰੈਲੀ ਵਿੱਚ ਵੱਡਾ ਇਕੱਠ ਕਰਨ ਦੀਆਂ ਤਿਆਰੀਆਂ ਕਰ ਰਹੀ ਹੈ। ਬੀਜੇਪੀ ਦੇ ਸੂਤਰਾਂ ਮੁਤਾਬਕ ਕਰੀਬ ਤੀਹ ਏਕੜ ਵਿੱਚ ਕੀਤੇ ਜਾ ਰਹੇ ਬੰਦੋਬਸਤ ਦੌਰਾਨ ਇੱਕ ਲੱਖ ਕੁਰਸੀਆਂ ਲਾਈਆਂ ਜਾ ਰਹੀਆਂ ਹਨ।



ਦੂਜੇ ਪਾਸੇ ਮੌਸਮ ਵਿਭਾਗ ਮੁਤਾਬਕ ਇਸ ਦਿਨ ਬਾਰਸ਼ ਹੋ ਸਕਦੀ ਹੈ। ਅਜਿਹੇ ਵਿੱਚ ਕੋਰਨਾ ਦੇ ਕਹਿਰ ਵਿਚਾਲੇ ਵੱਡਾ ਇਕੱਠ ਵਿਸਫੋਟਕ ਹੋ ਸਕਦਾ ਹੈ ਕਿਉਂਕਿ ਰੈਲੀ ਵਿੱਚ ਕੋਰੋਨਾ ਨਿਯਮਾਂ ਨੂੰ ਲਾਗੂ ਕਰਨਾ ਮੁਸ਼ਕਲ ਹੋ ਜਾਵੇਗਾ।





ਹੁਣ ਸਵਾਲ ਹੈ ਕਿ ਇੱਕ ਪਾਸੇ ਕੋਰੋਨਾ ਦੀ ਤੀਜੀ ਲਹਿਰ ਨੂੰ ਵੇਖਦਿਆਂ ਸੂਬੇ ਵਿੱਚ ਸਖਤ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ। ਦੂਜੇ ਪਾਸੇ ਪ੍ਰਧਾਨ ਮੰਤਰੀ ਖੁਦ ਵੱਡੀ ਰੈਲੀ ਕਰਨ ਜਾ ਰਹੇ ਹਨ ਜਿਸ ਵਿੱਚ ਲੱਖਾਂ ਲੋਕ ਇਕੱਠੇ ਹੋਣ ਦੀ ਸੰਭਾਵਨਾ ਹੈ। ਹੋਰ ਤਾਂ ਹੋਰ ਇਸ ਰੈਲੀ ਲਈ ਹਜ਼ਾਰਾਂ ਮੁਲਾਜ਼ਮਾਂ ਦੀ ਡਿਉਟੀ ਲਾਈ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ ਕਰੀਬ 10 ਹਜ਼ਾਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ।

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਵਧਦੇ ਕਹਿਰ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਖ਼ਤ ਪਾਬੰਦੀਆਂ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੂਬੇ ਵਿੱਚ 15 ਜਨਵਰੀ ਤੱਕ ਰਾਤ ਦਾ ਕਰਫਿਊ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਸਕੂਲ, ਕਾਲਜ ਤੇ ਹੋਰ ਸਾਰੇ ਵਿਦਿਅਕ ਅਦਾਰੇ ਵੀ ਬੰਦ ਕਰ ਦਿੱਤੇ ਗਏ ਹਨ। ਪੰਜਾਬ ਵਿੱਚ ਹੁਣ ਬੱਸਾਂ, ਸਿਨੇਮਾ ਹਾਲ, ਜਿੰਮ, ਰੈਸਟੋਰੈਂਟ 50 ਫੀਸਦੀ ਸਮਰੱਥਾ ਨਾਲ ਹੀ ਚੱਲ ਸਕਣਗੇ।

ਓਮੀਕਰੋਨ ਦੇ ਖਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਮੰਗਲਵਾਰ ਸਵੇਰੇ ਸੂਬੇ ਵਿੱਚ ਪਾਬੰਦੀਆਂ ਵਧਾਉਣ ਦਾ ਹੁਕਮ ਜਾਰੀ ਕੀਤਾ ਗਿਆ। ਹਾਲਾਂਕਿ ਪੰਜਾਬ ਸਰਕਾਰ ਨੇ ਇਹ ਪਾਬੰਦੀਆਂ 15 ਜਨਵਰੀ ਤੱਕ ਹੀ ਲਾਗੂ ਕੀਤੀਆਂ ਹਨ ਪਰ ਕੋਰੋਨਾ ਵਾਇਰਸ ਦੀ ਸਥਿਤੀ ਨੂੰ ਦੇਖਦੇ ਹੋਏ ਇਨ੍ਹਾਂ ਪਾਬੰਦੀਆਂ ਨੂੰ ਵਧਾਇਆ ਜਾ ਸਕਦਾ ਹੈ।


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



 


https://play.google.com/store/


https://apps.apple.com/in/app/811114904