ਫ਼ਰੀਦਕੋਟ: ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਇਸ ਦਾ ਵਿਰੋਧ ਕਰ ਰਹੇ ਸਿੱਖਾਂ 'ਤੇ ਹੋਈ ਪੁਲਿਸ ਕਾਰਵਾਈ ਦਾ ਲੋਕ ਸਭਾ ਚੋਣਾਂ ਮੌਕੇ ਸਿਆਸੀ ਲਾਹਾ ਲੈਣ ਲਈ ਵੱਡੀ ਰੈਲੀ ਕੀਤੀ। ਜਿੱਥੇ ਇਸ ਰੈਲੀ ਵਿੱਚ ਰਾਹੁਲ ਗਾਂਧੀ ਨੇ ਵੀ ਬੇਅਦਬੀ ਦੇ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦਿਵਾਉਣ ਦੀ ਵਚਨਬੱਧਤਾ ਦੁਹਰਾਈ ਉੱਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਵਿੱਚ ਪੁਲਿਸ ਕਾਰਵਾਈ ਵਿੱਚ ਮਾਰੇ ਗਏ ਦੋ ਸਿੱਖ ਨੌਜਵਾਨਾਂ ਦੀ ਯਾਦਗਾਰ ਉਸਾਰਨ ਦਾ ਐਲਾਨ ਕਰ ਦਿੱਤਾ।

ਕਾਂਗਰਸ ਦੀ ਸਿਖਰਲੀ ਤੇ ਸੂਬਾਈ ਲੀਡਰਸ਼ਿਪ ਨੇ ਇਕੱਠੇ ਫ਼ਰੀਦਕੋਟ ਰੈਲੀ ਵਿੱਚ ਆਪਣੀ ਪੂਰੀ ਤਾਕਤ ਝੋਕ ਦਿੱਤੀ। ਰਾਹੁਲ ਦੀ ਬਰਗਾੜੀ ਰੈਲੀ 'ਚ ਬੇਅਦਬੀਆਂ ਦਾ ਮੁੱਦਾ ਛਾਇਆ ਰਿਹਾ। ਬੇਸ਼ੱਕ ਪਾਰਟੀ ਦੇ ਕੌਮੀ ਪ੍ਰਧਾਨ ਨੂੰ ਬੇਅਦਬੀ ਤੇ ਗੋਲ਼ੀਕਾਂਡ ਮੁੱਦੇ ਬਾਰੇ ਬਹੁਤੀ ਡੂੰਘਾਈ ਵਿੱਚ ਜਾਣਕਾਰੀ ਨਹੀਂ ਸੀ ਜਾਪਦੀ ਪਰ ਫਿਰ ਵੀ ਉਨ੍ਹਾਂ ਲੋਕਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ। ਰਾਹੁਲ ਗਾਂਧੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇਗੀ, ਇਹ ਮੇਰਾ ਵਾਅਦਾ ਹੈ। ਰਾਹੁਲ ਗਾਂਧੀ ਤੋਂ ਲੈ ਕੇ ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਨੇ ਬੇਅਦਬੀ ਦੇ ਮੁੱਕੇ ਨੂੰ ਖ਼ੂਬ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੀ ਬੇਅਦਬੀਆਂ ਬਾਰੇ ਵਿਵਾਦਤ ਟਿੱਪਣੀ 'ਤੇ ਖੂਬ ਘੇਰਿਆ। ਕੈਪਟਨ ਨੇ ਕਿਹਾ ਕਿ ਸਿੱਖਾਂ ਨੇ 500 ਸਾਲਾਂ ਦੇ ਇਤਿਹਾਸ ਵਿੱਚ ਹੋਰ ਕਿਸੇ ਵੀ ਕੌਮ ਨਾਲੋਂ ਵੱਧ ਕੁਰਬਾਨੀਆਂ ਕੀਤੀਆਂ ਹਨ ਤੇ ਬਾਦਲ ਦੇ ਅਜਿਹੇ ਬਿਆਨ ਲਈ ਲੋਕ ਉਸ ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਕੈਪਟਨ ਨੇ ਕਿਹਾ ਕਿ ਬਾਦਲਾਂ ਦੇ ਰਾਜ ਵਿੱਚ ਇੱਕ ਨਹੀਂ ਦੋ ਨਹੀਂ ਬਲਕਿ 58 ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਟਕਾ ਸਾਹਿਬ, ਭਗਵਦ ਗੀਤਾ, ਬਾਈਬਲ ਤੇ ਕੁਰਾਨ ਸ਼ਰੀਫ ਜਿਹੇ ਪਵਿੱਤਰ ਗ੍ਰੰਥ ਪਾੜੇ ਗਏ ਜਾਂ ਸਾੜੇ ਗਏ।

ਦੇਖੋ ਵੀਡੀਓ-