ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੀ ਸ਼ਾਮ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਕੀਤੀ। ਸੂਤਰਾਂ ਮੁਤਾਬਕ ਇਸ ਮੀਟਿੰਗ ਵਿੱਚ STF ਰਿਪੋਰਟ 'ਤੇ ਚਰਚਾ ਹੋਈ।

ਕੁਝ ਵਿਧਾਇਕਾਂ ਨੇ ਰਾਹੁਲ ਕੋਲ ਇਸ ਮਾਮਲੇ 'ਤੇ ਕੈਪਟਨ ਦੀ ਚੁੱਪੀ 'ਤੇ ਸਵਾਲ ਚੁੱਕੇ ਸਨ। ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਤੋਂ ਬਾਅਦ ਜਦੋਂ 'ਏਬੀਪੀ ਸਾਂਝਾ' ਨੇ ਕੈਪਟਨ ਨੂੰ ਰਿਪੋਰਟ ਤੋਂ ਬਾਅਦ ਅਗਲੀ ਕਾਰਵਾਈ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਇਹ ਕਹਿ ਕੇ ਟਾਲ ਦਿੱਤਾ ਸੀ ਕਿ ਜਾਂਚ ਜਾਰੀ ਹੈ, ਇਸ ਲਈ ਟਿੱਪਣੀ ਨਹੀਂ ਕਰ ਸਕਦੇ।

ਪੰਜਾਬ ਸਰਕਾਰ ਨੇ ਨਸ਼ਿਆਂ ਦੇ ਕਾਰੋਬਾਰ ਦੀ ਜਾਂਚ ਲਈ ਵਿਸ਼ੇਸ਼ ਟੀਮ ਬਣਾਈ ਸੀ। ਐਸਟੀਐਫ ਦੀ ਮੁੱਢਲੀ ਰਿਪੋਰਟ ਵਿੱਚ ਨਸ਼ਿਆਂ ਦੇ ਕਾਰੋਬਾਰ ਵਿੱਚ ਸਾਬਕਾ ਮੰਤਰੀ ਬਿਕਰਮ ਮਜੀਠੀਆ ਦੀ ਸ਼ਮੂਲੀਅਤ ਸਬੰਧੀ ਅਗਲੀ ਜਾਂਚ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਇਸ ਬਾਰੇ 'ਏਬੀਪੀ ਸਾਂਝਾ' ਨੇ ਸਭ ਤੋਂ ਪਹਿਲਾਂ ਖੁਲਾਸਾ ਕੀਤਾ ਸੀ। ਇਸ ਰਿਪੋਰਟ ਦੇ ਆਉਣ ਤੋਂ ਬਾਅਦ ਕੈਪਟਨ ਲਗਾਤਾਰ ਮੀਡੀਆ ਦੇ ਸਵਾਲਾਂ ਦਾ ਨਿਸ਼ਾਨਾ ਬਣਦੇ ਆ ਰਹੇ। ਉਹ ਹਰ ਸਵਾਲ ਨੂੰ ਜਾਂਚ ਦਾ ਵਿਸ਼ਾ ਕਹਿ ਕੇ ਟਾਲ਼ਦੇ ਆ ਰਹੇ ਹਨ।

ਐਸਟੀਐਫ ਦੀ ਰਿਪੋਰਟ ਤੋਂ ਇਲਾਵਾ ਰਾਹੁਲ ਗਾਂਧੀ ਤੇ ਕੈਪਟਨ ਦੀ ਮੀਟਿੰਗ ਵਿੱਚ ਪੰਜਾਬ ਕੈਬਨਿਟ ਦੇ ਜਲਦ ਵਿਸਥਾਰ ਸਬੰਧੀ ਵੀ ਚਰਚਾ ਹੋਈ। ਸੂਤਰਾਂ ਦੱਸਦੇ ਹਨ ਕਿ ਅਗਲੇ ਹਫ਼ਤੇ ਕੈਬਨਿਟ ਦੇ ਵਿਸਥਾਰ 'ਤੇ ਰਾਹੁਲ, ਕੈਪਟਨ ਤੇ ਸੁਨੀਲ ਜਾਖੜ ਦਰਮਿਆਨ ਮੁੜ ਬੈਠਕ ਹੋਵੇਗੀ।

ਸੂਤਰਾਂ ਮੁਤਾਬਕ ਰਾਜ ਕੁਮਾਰ ਵੇਰਕਾ, ਸੁਖਜਿੰਦਰ ਰੰਧਾਵਾ, ਰਾਣਾ ਗੁਰਮੀਤ ਸਿੰਘ ਸੋਢੀ, ਸੰਗਤ ਸਿੰਘ ਗਿਲਜੀਆਂ, ਵਿਜੇ ਇੰਦਰ ਸਿੰਗਲਾ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਵੇਂ ਮੰਤਰੀ ਬਣ ਸਕਦੇ ਹਨ। ਇਸ ਦੇ ਨਾਲ ਕਈਆਂ ਦੇ ਵਿਭਾਗ ਵੀ ਬਦਲੇ ਜਾ ਸਕਦੇ ਹਨ।