ਨਵੀਂ ਦਿੱਲੀ: ਰਾਹੁਲ ਗਾਂਧੀ ਭਲਕੇ ਪੰਜਾਬ ਕਾਂਗਰਸ ਦੀ ਨਵੀਂ ਚੁਣੀ ਟੀਮ ਨਾਲ ਮੁਲਾਕਾਤ ਕਰਨਗੇ। ਸਵੇਰੇ 10:30 ਵਜੇ ਦਿੱਲੀ 'ਚ ਇਹ ਮੁਲਾਕਾਤ ਹੋਵੇਗੀ। ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਇਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਡਿਪਟੀ ਸੀਐੱਲਪੀ ਲੀਡਰ ਡਾ: ਰਾਜਕੁਮਾਰ ਚੱਬੇਵਾਲ ਇਸ ਮੀਟਿੰਗ 'ਚ ਸ਼ਾਮਲ ਹੋਣਗੇ। 


ਦਸ ਦਈਏ ਕਿ ਕਾਂਗਰਸ ਹਾਈ ਕਮਾਨ ਪੰਜਾਬ ਵਿੱਚ ਨਵਾਂ ਪ੍ਰਯੋਗ ਕਰ ਰਹੀ ਹੈ। ਇਸ ਤਹਿਤ ਪੰਜਾਬ ਕਾਂਗਰਸ ਦੀ ਕਮਾਨ ਰਾਜਾ ਵੜਿੰਗ ਨੂੰ ਸੌਂਪ ਕੇ ਕਾਂਗਰਸ ਹਾਈਕਮਾਂਡ ਨੇ ਸਿੱਧੂ ਪੱਖੀ ਤੇ ਸਿੱਧੂ ਵਿਰੋਧੀ ਧੜੇ ਵਿੱਚ ਵੰਡੀ ਸੂਬਾ ਇਕਾਈ ਨੂੰ ਨਵੀਂ ਦਿਸ਼ਾ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਹੈ। ਹੁਣ ਵੇਖਣਾ ਹੋਏਗਾ ਕਿ ਹਾਈਕਮਾਨ ਦਾ ਇਹ ਫੈਸਲਾ ਕਾਂਗਰਸ ਨੂੰ ਇੱਕਜੁੱਟ ਕਰਨ ਵਿੱਚ ਕਿੰਨਾ ਕੁ ਸਫਲ ਰਹਿੰਦਾ ਹੈ।

ਦੂਜੇ ਪਾਸੇ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਕਰੀਬ ਇੱਕ ਮਹੀਨਾ ਬਾਅਦ ਹਾਈਕਮਾਂਡ ਦੇ ਇਸ ਫੈਸਲੇ ਨੇ ਨਵਜੋਤ ਸਿੱਧੂ ਤੇ ਉਨ੍ਹਾਂ ਦੇ ਸਮਰਥਕਾਂ ਨੂੰ ਵੱਡਾ ਝਟਕਾ ਦਿੱਤਾ ਹੈ ਕਿਉਂਕਿ ਸੋਨੀਆ ਗਾਂਧੀ ਵੱਲੋਂ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਲੈਣ ਤੋਂ ਬਾਅਦ ਵੀ ਸਿੱਧੂ ਇਨ੍ਹੀਂ ਦਿਨੀਂ ਮੁੜ ਪ੍ਰਧਾਨਗੀ ਹਾਸਲ ਕਰਨ ਲਈ ਲਾਬਿੰਗ ਕਰ ਰਹੇ ਸਨ। ਇਸ ਦੇ ਨਾਲ ਹੀ ਵਿਰੋਧੀ ਧੜਾ ਸਿੱਧੂ ਦੀ ਖੁੱਲ੍ਹ ਕੇ ਮੁਖਾਲਫਤ ਕਰ ਰਿਹਾ ਸੀ।

 
ਉਂਝ ਸਿੱਧੂ ਨੇ ਵੀ ਦਿੱਲੀ ਵਿੱਚ ਹਾਈਕਮਾਨ ਦੀਆਂ ਮੀਟਿੰਗਾਂ ਦੇ ਸਮਾਨਾਂਤਰ ਪੰਜਾਬ ਵਿੱਚ ਆਪਣੇ ਹਮਾਇਤੀ ਵਿਧਾਇਕਾਂ ਤੇ ਆਗੂਆਂ ਨਾਲ ਮੀਟਿੰਗਾਂ ਕਰਕੇ ਤਾਕਤ ਦਾ ਪ੍ਰਦਰਸ਼ਨ ਕੀਤਾ ਸੀ ਪਰ ਇਸ ਵਾਰ ਹਾਈਕਮਾਨ ਨੇ ਸਿੱਧੂ ਨੂੰ ਤਰਜੀਹ ਨਹੀਂ ਦਿੱਤੀ। ਵੀਰਵਾਰ ਨੂੰ ਚੰਡੀਗੜ੍ਹ 'ਚ ਮਹਿੰਗਾਈ ਖਿਲਾਫ ਪੰਜਾਬ ਕਾਂਗਰਸ ਦੇ ਧਰਨੇ ਦੌਰਾਨ ਜਨਤਕ ਤੌਰ 'ਤੇ ਨਵਜੋਤ ਸਿੱਧੂ ਤੇ ਬਰਿੰਦਰ ਢਿੱਲੋਂ ਨੇ ਸੂਬਾ ਕਾਂਗਰਸ ਦੀ ਲੜਾਈ ਨੂੰ ਸੜਕਾਂ 'ਤੇ ਲਿਆਂਦਾ।

 
ਇਹ ਵੀ ਸੱਚਾਈ ਹੈ ਕਿ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਮੁੱਖ ਕਾਰਨ ਅੰਦਰੂਨੀ ਲੜਾਈ ਤੇ ਧੜੇਬੰਦੀ ਨੂੰ ਮੰਨਿਆ ਜਾ ਰਿਹਾ ਹੈ। ਇਸ ਲਈ ਪਾਰਟੀ ਦੇ ਸੀਨੀਅਰ ਆਗੂਆਂ ਨੇ ਨਵਜੋਤ ਸਿੱਧੂ ਦੀ ਭੂਮਿਕਾ 'ਤੇ ਸਵਾਲ ਉਠਾਉਂਦਿਆਂ ਇਸ ਵਾਰ ਹਾਈਕਮਾਨ 'ਤੇ ਜ਼ਬਰਦਸਤ ਦਬਾਅ ਪਾਇਆ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਸਮੇਤ ਸਾਰੇ ਸੀਨੀਅਰ ਆਗੂਆਂ ਨੇ ਹਾਰ ਲਈ ਨਵਜੋਤ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਏਆਈਸੀਸੀ ਪੰਜਾਬ ਇੰਚਾਰਜ ਹਰੀਸ਼ ਚੌਧਰੀ ਨੇ ਵੀ ਹਾਰ ਲਈ ਸਿੱਧੂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਉਨ੍ਹਾਂ ਕਿਹਾ ਸੀ ਕਿ ਚੰਨੀ ਖਿਲਾਫ ਸਿੱਧੂ ਦੇ ਜਨਤਕ ਬਿਆਨਾਂ ਨੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ। ਇਸ ਕਾਰਨ ਹਾਈਕਮਾਨ ਨੇ ਵੀ ਸਖ਼ਤ ਰੁਖ਼ ਅਖਤਿਆਰ ਕਰਦਿਆਂ ਸਿੱਧੂ ਨੂੰ ਕੋਈ ਜ਼ਿੰਮੇਵਾਰੀ ਨਾ ਦੇਣ ਦਾ ਫ਼ੈਸਲਾ ਕੀਤਾ ਹੈ।