ਅੰਮ੍ਰਿਤਸਰ: ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿੱਚ ਰੇਲ ਰੋਕੋ ਅੰਦੋਲਨ 35ਵੇਂ ਦਿਨ ਪਹੁੰਚ ਗਿਆ ਹੈ।ਇਸ ਦੇ ਨਾਲ ਹੀ ਰੇਲ ਰੋਕੋ ਅੰਦੋਲਨ 6 ਨਵੰਬਰ ਤੱਕ ਵਧਾ ਦਿੱਤਾ ਗਿਆ ਹੈ।ਇਸ ਦੇ ਨਾਲ ਹੀ 5 ਨਵੰਬਰ ਨੂੰ ਕੌਮੀ ਪੱਧਰ ਤੇ ਚੱਕਾ ਜਾਮ ਕੀਤੇ ਜਾਣ ਦੀ ਵਿਉਂਤ ਬੰਦੀ ਵੀ ਕੀਤੀ ਜਾ ਰਹੀ ਹੈ।
ਵੱਖ ਵੱਖ ਥਾਂਈ ਅੰਦੋਲਨਕਾਰੀਆਂ ਦੇ ਇਕੱਠਾ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਕਿਹਾ ਕਿ ਰੇਲ ਰੋਕੋ ਅੰਦੋਲਨ 6 ਨਵੰਬਰ ਤੱਕ ਵਧਾ ਦਿੱਤਾ ਗਿਆ ਹੈ।ਆਗੂਆਂ ਨੇ ਕੈਪਟਨ ਸਰਕਾਰ ਦੀ ਮੀਟਿੰਗ ਵਿੱਚ ਨਾ ਜਾਣ ਦਾ ਫੈਸਲਾ ਕੀਤਾ ਤੇ ਕਿਹਾ ਕਿ ਮੁੱਖ ਮੰਤਰੀ ਖੁਦ ਮੀਟਿੰਗ ਸੱਦਣ।
ਉਧਰ ਖੇਤੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਵੱਲੋਂ ਇਜਾਜ਼ਤ ਦੇਣ ਦੇ ਬਾਵਜੂਦ ਰੇਲਵੇ ਨੇ ਪੰਜਾਬ ਜਾਣ ਵਾਲੀਆਂ ਮਾਲ ਗੱਡੀਆਂ ਨੂੰ ਰੋਕ ਦਿੱਤਾ ਹੈ। 24 ਸਤੰਬਰ ਤੋਂ ਰਾਜ ਵਿੱਚ ਮਾਲ ਗੱਡੀਆਂ ਦੀ ਆਵਾਜਾਈ ਠੱਪ ਹੈ, ਕਿਸਾਨ ਕੇਂਦਰ ਦੇ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ ਤੇ ਉਨ੍ਹਾਂ ਰੇਲਵੇ ਟ੍ਰੈਕਾਂ ਤੇ ਮੋਰਚੇ ਸਾਂਭੇ ਹੋਏ ਹਨ। ਇਸ ਦੌਰਾਨ ਰੇਲ ਆਵਾਜਾਈ ਨੂੰ ਕਿਸਾਨਾਂ ਨੇ ਰੋਕਿਆ ਹੋਇਆ ਸੀ ਪਰ 21 ਅਕਤੂਬਰ ਨੂੰ ਕਿਸਾਨਾਂ ਨੇ ਫੈਸਲਾ ਲਿਆ ਸੀ ਕਿ ਸਿਰਫ ਮਾਲ ਗੱਡੀਆਂ ਨੂੰ ਹੀ ਲੰਘਣ ਦਿੱਤਾ ਜਾਵੇਗਾ ਤੇ ਯਾਤਰੀ ਟ੍ਰੇਨਾਂ 'ਤੇ ਫੈਸਲਾ 4 ਨਵੰਬਰ ਨੂੰ ਲਿਆ ਜਾਵੇਗਾ।
ਇਸੇ ਦੌਰਾਨ, ਅਮਰਿੰਦਰ ਸਰਕਾਰ ਨੇ ਸੋਮਵਾਰ ਨੂੰ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੂੰ ਦਖਲ ਦੇਣ ਲਈ ਕਿਹਾ ਸੀ, ਜਦੋਂ ਰੇਲਵੇ ਵੱਲੋਂ ਰਾਜ ਵਿੱਚ ਮਾਲ ਗੱਡੀਆਂ ਦੇ ਸੰਚਾਲਨ ਨੂੰ ਮੁਲਤਵੀ ਕਰਨ ਦੇ ਫੈਸਲੇ ਤੋਂ ਬਾਅਦ ਕਿਹਾ ਗਿਆ ਸੀ ਕਿ ਪ੍ਰਦਰਸ਼ਨਕਾਰੀ ਕਿਸਾਨ ਅਜੇ ਵੀ ਟਰੈਕ ਰੋਕ ਰਹੇ ਹਨ।ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਕਦਮ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਕਿਸਾਨਾਂ ਨੂੰ ਹੋਰ ਭੜਕਾਵੇਗਾ।