ਚੰਡੀਗੜ੍ਹ: ਪੰਜਾਬ ਅੰਦਰ ਰੇਲ ਸੇਵਾ ਬਹਾਲ ਹੋਏਗੀ ਜਾਂ ਨਹੀਂ ਇਸ ਤੇ ਅਜੇ ਸਥਿਤੀ ਸਾਫ਼ ਨਹੀਂ ਹੋਈ ਹੈ।ਕਿਸਾਨ ਮਾਲ ਗੱਡੀਆਂ ਦੀ ਆਵਾਜਾਈ ਦੇ ਲਈ ਤਾਂ ਟ੍ਰੈਕ ਖਾਲੀ ਕਰ ਚੁੱਕੇ ਹਨ।ਪਰ ਰੇਲਵੇ ਦੇ ਚੇਅਰਮੈਨ ਤੇ CEO ਵਿਨੋਦ ਕੁਮਾਰ ਯਾਦਵ ਨੇ ਕਿਹਾ ਪੰਜਾਬ 'ਚ ਰੇਲਾਂ ਚਲਾਉਣ ਦਾ ਮਾਹੌਲ ਨਹੀਂ ਹੈ। ਉਨ੍ਹਾਂ ਕਿਹਾ ਸੂਬਾ ਸਰਕਾਰ ਸੁਰੱਖਿਆ ਯਕੀਨੀ ਬਣਾਵੇ। ਸੁਰੱਖਿਆ ਕਲੀਅਰੈਂਸ ਦੇਵੇ ਤਾਂ ਹੀ ਰੇਲ ਸੇਵਾ ਬਹਾਲ ਹੋਵੇਗੀ।ਰੇਲਵੇ ਨੇ ਤਾਂ ਕੋਰੀ ਨਾਂਹ ਕੀਤੀ ਹੈ ਪਰ ਕਾਂਗਰਸੀ MPs ਪੰਜਾਬ ਅੰਦਰ ਜਲਦ ਰੇਲਾਂ ਚੱਲਣ ਦਾ ਦਾਅਵਾ ਕਰ ਰਹੇ ਹਨ।


ਸ਼ਨੀਵਾਰ ਨੂੰ ਦਿੱਲੀ ਵਿੱਚ ਅੱਠ ਕਾਂਗਰਸੀ ਐਮ ਪੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ। ਇਸ ਮੀਟਿੰਗ ਵਿੱਚ ਅਮਿਤ ਸ਼ਾਹ ਨੇ ਭਰੌਸਾ ਦਵਾਇਆ ਹੈ ਕਿ ਪੰਜਾਬ ਵਿੱਚ ਜੇ ਅਮਨ ਸ਼ਾਂਤੀ ਬਰਕਰਾਰ ਰਹੇ ਤਾਂ ਜਲਦ ਟ੍ਰੇਨਾਂ ਚਲਾਵਾਂਗੇ।

ਕਾਂਗਰਸ ਦੇ ਐਮ ਪੀ ਜਸਬੀਰ ਸਿੰਘ ਗਿੱਲ (ਡਿੰਪਾ) ਨੇ ਮੀਟਿੰਗ ਤੋਂ ਬਆਦ ਕਿਹਾ ਕਿ "ਅੱਜ ਮੀਟਿੰਗ ਕਾਫ਼ੀ ਸਫ਼ਲ ਰਹੀ। ਇਸ ਮੀਟਿੰਗ ਵਿੱਚ ਰੇਲ ਮੰਤਰੀ ਪਿਉਸ਼ ਗੋਇਲ ਵੀ ਮੋਜੂਦ ਸੀ। ਪੰਜਾਬ ਨੂੰ ਦਰਪੇਸ਼ ਆ ਰਹੀਆ ਮੁਸ਼ਕਿਲਾਂ ਬਾਰੇ ਅਮਿਤ ਸ਼ਾਹ ਨੇ ਸੁਣੀਆ ਹੈ।ਅਮਿਤ ਸ਼ਾਹ ਨੇ ਕਿਹਾ ਹੈ ਕਿ ਜਲਦ ਪੰਜਾਬ ਵਿੱਚ ਟ੍ਰੇਨਾਂ ਚਲਾਈਆਂ ਜਾਣਗੀਆਂ।"

ਜਦੋਂ ਕਾਂਗਰਸੀ ਐਮਪੀ ਨੂੰ ਇਹ ਪੁਛਿਆ ਗਿਆ ਕਿ ਰੇਲਵੇ ਨੇ ਤਾਂ ਟ੍ਰੇਨਾਂ ਚਲਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਹੈ ਤਾਂ ਉਨ੍ਹਾਂ ਕਿਹਾ,"ਅਮੀਤ ਸ਼ਾਹ ਤੋਂ ਵੱਡਾ ਤਾਂ ਨਹੀਂ ਕੋਈ"


ਐਮਪੀ ਮੁਹੰਮਦ ਸਦੀਕ ਨੇ ਕਿਹਾ ਕਿ "ਜੋ ਮੰਗਾਂ ਅਸੀਂ ਲੈ ਕੇ ਗਏ ਸੀ ਉਹ ਪੂਰੀਆਂ ਹੋਣਗੀਆਂ ਅਮਿਤ ਸ਼ਾਹ ਨੇ ਆਸ਼ਵਾਸਨ ਦਿੱਤਾ ਹੈ ਕਿ ਟ੍ਰੇਨਾਂ ਚਲਣਗੀਆਂ।"ਗੁਰਜੀਤ ਔਜਲਾ ਨੇ ਕਿਹਾ ਹੈ ਕਿ "ਰੇਲਾਂ ਨਾ ਚੱਲਣ ਕਰਕੇ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਹੈ। ਜੰਮੂ ਕਸ਼ਮੀਰ ਨੂੰ ਵੀ ਇਸਦਾ ਅਸਰ ਪੈ ਰਿਹਾ ਹੈ। ਪੰਜਾਬ ਦੇ ਸਾਰੇ ਟਰੈਕ ਖਾਲੀ ਹਨ ਰੇਲਵੇ ਦੀਆਂ ਟੀਮਾਂ ਹੁਣ ਟਰੈਕ ਨੂੰ ਟੈਕਨੀਕਲੀ ਚੈਕ ਕਰ ਰਹੀਆਂ ਹਨ।ਪਿਉਸ਼ ਗੋਇਲ ਜੀ ਅੱਜ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਨਾਲ ਗਲਬਾਤ ਕਰਨਗੇ।"

ਉਧਰ ਰੇਲਵੇ ਦੇ ਚੇਅਰਮੈਨ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਮਾਲ ਗੱਡੀਆਂ ਲਈ ਤਾਂ ਟਰੈਕ ਖੁੱਲ੍ਹੇ ਹਨ ਪਰ ਯਾਤਰੂ ਟ੍ਰੇਨਾਂ ਲਈ ਨਹੀਂ। ਭਾਰਤੀ ਰੇਲਵੇ ਦਾ ਇਸ ਤਰ੍ਹਾਂ ਚੱਲਣਾ ਸੰਭਵ ਨਹੀਂ ਹੈ। ਭਾਰਤੀ ਰੇਲਵੇ ਨੂੰ ਕੋਈ ਇਹ ਗਾਈਡ ਨਹੀਂ ਕਰ ਸਕਦਾ ਕਿ ਤੁਸੀਂ ਇਸ ਟਰੈਕ 'ਤੇ ਇਹ ਟ੍ਰੇਨ ਚਲਾਓ ਤੇ ਇਹ ਨਹੀਂ।

ਉਨ੍ਹਾਂ ਕਿਹਾ ਰੇਲਵੇ ਦੀ ਆਪਣੀ ਵਿਵਸਥਾ ਹੈ। ਜਿਸ ਦੇ ਮੁਤਾਬਿਕ ਪੂਰੇ ਭਾਰਤ 'ਚ ਰੇਲ ਆਪਰੇਸ਼ਨ ਚੱਲਦਾ ਹੈ।ਪੰਜਾਬ 'ਚ ਸਥਿਤੀ ਇਹ ਹੈ ਰੇਲਵੇ ਟ੍ਰੇਨ ਆਪਰੇਟ ਨਹੀਂ ਕਰ ਸਕਦਾ। ਪੰਜਾਬ 'ਚ ਸਟੇਸ਼ਨ ਮਾਸਟਰ ਨੂੰ ਵੀ ਇਹੀ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਇਸ ਟਰੈਕ 'ਤੇ ਸਿਰਫ ਮਾਲ ਗੱਡੀਆਂ ਚੱਲਣ ਦੇਵਾਂਗੇ, ਯਾਤਰੀ ਰੇਲਾਂ ਨਹੀਂ ਤਾਂ ਅਜਿਹੇ ਮਾਹੌਲ 'ਚ ਰੇਲਾਂ ਚਲਾਉਣਾ ਸੰਭਵ ਨਹੀਂ ਹੈ।