Punjab Weather: ਮੌਸਮ ਵਿਭਾਗ ਨੇ ਪੰਜਾਬ ਦੇ 9 ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਪੰਜਾਬ ਵਿੱਚ ਅੱਜ ਫਾਜ਼ਿਲਕਾ, ਮੁਕਤਸਰ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਜਲੰਧਰ, ਤਰਨ ਤਾਰਨ, ਕਪੂਰਥਲਾ ਤੇ ਅੰਮ੍ਰਿਤਸਰ ਵਿੱਚ ਮੀਂਹ ਪੈ ਸਕਦਾ ਹੈ। ਕੁਝ ਇਲਾਕਿਆਂ 'ਚ ਸਵੇਰੇ ਹੋਈ ਬਾਰਸ਼ ਨੇ ਘੱਟੋ-ਘੱਟ ਤਾਪਮਾਨ ਨੂੰ ਹੇਠਾਂ ਲਿਆਂਦਾ ਪਰ ਹਿਮਾਚਲ 'ਚ ਮੀਂਹ ਨੇ ਭਾਖੜਾ ਡੈਮ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ।
ਮੌਸਮ ਵਿਭਾਗ ਨੇ ਅੱਜ ਤੋਂ ਲਗਾਤਾਰ ਤਿੰਨ-ਚਾਰ ਦਿਨ ਤੱਕ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਸੋਮਵਾਰ ਨੂੰ ਵੀ ਸੂਬੇ ਦੇ ਕਈ ਸ਼ਹਿਰਾਂ ਜਿਵੇਂ ਚੰਡੀਗੜ੍ਹ, ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਮੋਗਾ ਤੇ ਫਰੀਦਕੋਟ ਦੇ ਕੁੱਝ ਇਲਾਕਿਆਂ ਵਿੱਚ ਮੀਂਹ ਪਿਆ। ਮੌਸਮ ਵਿਭਾਗ ਨੇ 25 ਜੁਲਾਈ ਤੋਂ 28 ਜੁਲਾਈ ਤੱਕ ਕਈ ਥਾਈ ਗਰਜ ਤੇ ਚਮਕ ਨਾਲ ਛਿੱਟੇ ਪੈਣ ਤੇ ਕਈ ਥਾਈਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।
ਅੱਜ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1655.75 ਫੁੱਟ ਹੈ। ਇਹ ਪਿਛਲੇ ਦਿਨ ਨਾਲੋਂ 1.09 ਫੁੱਟ ਵੱਧ ਹੈ। ਭਾਖੜਾ ਡੈਮ ਵਿੱਚ ਪਾਣੀ ਦੀ ਆਮਦ 57549 ਕਿਊਸਿਕ ਦਰਜ ਕੀਤੀ ਗਈ ਜਦਕਿ ਭਾਖੜਾ ਡੈਮ ਵਿੱਚੋਂ ਟਰਬਾਈਨਾਂ ਰਾਹੀਂ ਸਿਰਫ਼ 40971 ਕਿਊਸਿਕ ਪਾਣੀ ਛੱਡਿਆ ਗਿਆ। ਭਾਖੜਾ ਤੋਂ ਨੰਗਲ ਡੈਮ ਲਈ ਨੰਗਲ ਹਾਈਡਲ ਨਹਿਰ ਵਿੱਚ 12350 ਕਿਊਸਿਕ, ਆਨੰਦਪੁਰ ਸਾਹਿਬ ਹਾਈਡਲ ਨਹਿਰ ਵਿੱਚ 10150 ਕਿਊਸਿਕ, ਜਦੋਂਕਿ ਸਤਲੁਜ ਦਰਿਆ ਵਿੱਚ 18600 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਆਉਣ ਵਾਲੇ 3 ਦਿਨਾਂ 'ਚ ਹਿਮਾਚਲ 'ਚ ਭਾਰੀ ਬਾਰਸ਼ ਹੋਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿਸ ਕਾਰਨ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਰੋਜ਼ਾਨਾ 1 ਤੋਂ 2 ਫੁੱਟ ਵਧਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਭਾਖੜਾ ਮੈਨੇਜਮੈਂਟ ਬੋਰਡ ਨੂੰ ਇੱਕ ਹਫ਼ਤੇ ਤੋਂ 15 ਦਿਨਾਂ ਵਿੱਚ ਪਾਣੀ ਛੱਡਣਾ ਪੈ ਸਕਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।