Monsoon Red alert- ਭਾਰਤੀ ਮੌਸਮ ਵਿਭਾਗ (IMD) ਨੇ ਮੌਸਮ ਬਾਰੇ ਵੱਡਾ ਅਪਡੇਟ ਦਿੱਤਾ ਹੈ। ਆਈ.ਐਮ.ਡੀ .ਨੇ ਕਿਹਾ ਕਿ ਉੱਤਰੀ ਭਾਰਤ ਵਿਚ ਅਗਲੇ ਚਾਰ ਤੋਂ ਪੰਜ ਦਿਨਾਂ ਤੱਕ ਮੌਸਮ ਸੁਹਾਵਣਾ ਰਹਿਣ ਵਾਲਾ ਹੈ। ਕਹਿਰ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੇਗੀ। ਆਈ.ਐਮ.ਡੀ .ਨੇ ਆਪਣੇ ਪੂਰਵ ਅਨੁਮਾਨ ਵਿਚ ਕਿਹਾ ਹੈ ਕਿ ਉੱਤਰ-ਪੱਛਮੀ ਅਤੇ ਉੱਤਰ-ਪੂਰਬੀ ਭਾਰਤ ਵਿਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ।


ਪੰਜਾਬ ਵਿਚ ਮਾਨਸੂਨ ਦੀ ਆਮਦ 


ਇਧਰ, ਪੰਜਾਬ ਵਿਚ ਮਾਨਸੂਨ ਦੀ ਆਮਦ ਹੋ ਗਈ ਹੈ। ਪੰਜਾਬ ਵਿਚ ਅਗਲੇ 4 ਦਿਨ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਸੂਬੇ ਵਿਚ 4 ਜੁਲਾਈ ਤੱਕ ਮੀਂਹ ਪੈ ਸਕਦਾ ਹੈ। ਆਈ.ਐਮ.ਡੀ. ਮੁਤਾਬਕ ਮਾਨਸੂਨ ਦੇ ਆਮ ਨਾਲੋਂ ਬਿਹਤਰ ਰਹਿਣ ਦੀ ਉਮੀਦ ਹੈ, ਪਰ ਜੇਕਰ ਜੂਨ ਮਹੀਨੇ ਦੀ ਗੱਲ ਕਰੀਏ ਤਾਂ 1 ਤੋਂ 29 ਜੂਨ ਤੱਕ ਪੰਜਾਬ ਵਿੱਚ ਆਮ ਨਾਲੋਂ ਬਹੁਤ ਘੱਟ ਮੀਂਹ ਪਿਆ। ਆਮ ਤੌਰ ਉਤੇ ਪੰਜਾਬ ਵਿਚ ਇਨ੍ਹਾਂ 29 ਦਿਨਾਂ 'ਚ 49.7 ਮਿਲੀਮੀਟਰ ਬਾਰਸ਼ ਹੁੰਦੀ ਹੈ ਪਰ ਇਸ ਸਾਲ ਹੁਣ ਤੱਕ ਸਿਰਫ 25.6 ਮਿਲੀਮੀਟਰ ਬਾਰਸ਼ ਹੀ ਹੋਈ ਹੈ, ਜੋ ਕਿ ਆਮ ਨਾਲੋਂ 48 ਫੀਸਦੀ ਘੱਟ ਹੈ।


ਆਈਐਮਡੀ ਨੇ ਕਿਹਾ ਹੈ ਕਿ ਬਦਲਦੇ ਮੌਸਮ ਪ੍ਰਣਾਲੀ ਕਾਰਨ 4 ਜੁਲਾਈ ਤੱਕ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਵੱਖ-ਵੱਖ ਥਾਵਾਂ ਉਤੇ ਭਾਰੀ ਮੀਂਹ ਦੀ ਸੰਭਾਵਨਾ ਹੈ। ਛੱਤੀਸਗੜ੍ਹ, ਪੱਛਮੀ ਬੰਗਾਲ ਦੇ ਗੰਗਾ ਮੈਦਾਨਾਂ, ਝਾਰਖੰਡ ਅਤੇ ਉੜੀਸਾ ਵਿੱਚ 2 ਜੁਲਾਈ ਤੱਕ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।


ਇਨ੍ਹਾਂ ਰਾਜਾਂ ਵਿਚ ਗਰਜ ਨਾਲ ਮੀਂਹ
ਆਈਐਮਡੀ ਨੇ ਇਸ ਸਮੇਂ ਦੌਰਾਨ ਉਤਰਾਖੰਡ, ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ ਅਤੇ ਪੱਛਮੀ ਮੱਧ ਪ੍ਰਦੇਸ਼ ਦੇ ਅਲੱਗ-ਥਲੱਗ ਖੇਤਰਾਂ ਵਿੱਚ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਉੱਤਰ-ਪੂਰਬ ਵਿੱਚ, ਆਸਾਮ ਦੇ ਉੱਤਰ-ਪੂਰਬੀ ਹਿੱਸੇ ਵਿਚ ਇੱਕ ਚੱਕਰਵਾਤ ਸਰਕੂਲੇਸ਼ਨ ਦੇ ਕਾਰਨ ਅਗਲੇ ਪੰਜ ਦਿਨ ਪੱਛਮੀ ਬੰਗਾਲ, ਸਿੱਕਮ, ਅਰੁਣਾਚਲ ਪ੍ਰਦੇਸ਼, ਅਸਾਮ, ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼, ਗਰਜ ਨਾਲ ਮੀਂਹ ਪਵੇਗਾ।


ਆਈਐਮਡੀ ਨੇ 2 ਜੁਲਾਈ ਤੱਕ ਸੌਰਾਸ਼ਟਰ, ਕੱਛ, ਕੇਰਲ, ਤਾਮਿਲਨਾਡੂ ਅਤੇ ਤੱਟਵਰਤੀ ਅਤੇ ਦੱਖਣੀ ਕਰਨਾਟਕ ਵਿੱਚ ਕੁਝ ਥਾਵਾਂ ‘ਤੇ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਆਈਐਮਡੀ ਨੇ ਇਹ ਵੀ ਕਿਹਾ ਕਿ ਦੱਖਣ-ਪੱਛਮੀ ਮਾਨਸੂਨ ਸ਼ਨੀਵਾਰ ਨੂੰ ਪੂਰਬੀ ਉੱਤਰ ਪ੍ਰਦੇਸ਼ ਦੇ ਬਾਕੀ ਬਚੇ ਹਿੱਸਿਆਂ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਖੇਤਰਾਂ ਵਿੱਚ ਅੱਗੇ ਵਧਿਆ।