ਚੰਡੀਗੜ੍ਹ: ਪੰਜਾਬ ਦੇ ਕਿਸਾਨਾਂ ਉੱਪਰ ਕੁਦਰਤ ਨੇ ਮੁੜ ਕਹਿਰ ਢਾਹਿਆ ਹੈ। ਕੱਲ੍ਹ ਤੋਂ ਪੈ ਰਹੇ ਮੀਂਹ ਨਾਲ ਸੂਬੇ ਦੇ ਕਈ ਹਿੱਸਿਆਂ ਵਿੱਚ ਫਸਲਾਂ ਤੇ ਸਬਜੀਆਂ ਦਾ ਵੱਡਾ ਨੁਕਸਾਨ ਹੋਇਆ ਹੈ। ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਾਰਸ਼ ਹੋ ਰਹੀ ਹੈ। ਇਸ ਲਈ ਕਿਸਾਨਾਂ ਦੇ ਸਾਹ ਸੁੱਕੇ ਹੋਏ ਹਨ। ਦੱਸ ਦਈਏ ਕਿ ਖੇਤਾਂ ਵਿੱਚ ਪਹਿਲਾਂ ਪਏ ਮੀਂਹ ਦਾ ਪਾਣੀ ਅਜੇ ਸੁੱਕਿਆ ਨਹੀਂ ਸੀ ਕਿ ਮੁੜ ਮੀਂਹ ਪੈਣ ਨਾਲ ਸਬਜ਼ੀਆਂ ਦੀ ਫ਼ਸਲ ਨੂੰ ਵੱਡਾ ਨੁਕਸਾਨ ਪੁੱਜਾ ਹੈ। ਕਣਕਾਂ ਵਿੱਚ ਪਾਣੀ ਖੜ੍ਹਨ ਕਰਕੇ ਫ਼ਸਲ ਦਾ ਰੰਗ ਪੀਲਾ ਪੈਣ ਲੱਗਾ ਹੈ।



ਕਿਸਾਨਾਂ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਤੋਂ ਵਾਰ-ਵਾਰ ਪੈ ਰਹੇ ਮੀਂਹ ਕਰਕੇ ਸਬਜ਼ੀਆਂ ਦੀ ਫ਼ਸਲ ਦਾ ਕਾਫੀ ਨੁਕਸਾਨ ਹੋਇਆ। ਆਲੂ ਤੇ ਟਮਾਟਰ ਦਾਗੀ ਹੋ ਗਏ ਹਨ ਤੇ ਹੋਰ ਸਬਜ਼ੀਆਂ ਦੀ ਫਸਲ ਖਰਾਬ ਹੋ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਸਬਜ਼ੀਆਂ ਦੇ ਨੁਕਸਾਨ ਦਾ ਪਤਾ ਲਾਉਣ ਲਈ ਗਿਰਦਾਵਰੀ ਤਾਂ ਕਰਵਾਉਂਦੀ ਹੈ, ਪਰ ਕਿਸਾਨਾਂ ਦੀ ਮਦਦ ਲਈ ਕੁਝ ਨਹੀਂ ਕਰਦੀ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੂੰ ਸਬਜ਼ੀਆਂ ਦੇ ਨੁਕਸਾਨ ’ਤੇ ਵੀ ਮੁਆਵਜ਼ਾ ਦੇਣਾ ਚਾਹੀਦਾ ਹੈ।


ਮਿਲੀ ਰਿਪੋਰਟ ਮੁਤਾਬਕ ਜਨਵਰੀ ਮਹੀਨੇ ਪੰਜਾਬ ਵਿੱਚ ਰੁਕ-ਰੁਕ ਕੇ ਪੈਂਦੇ ਰਹੇ ਮੀਂਹ ਤੇ ਧੁੱਪ ਨਾ ਨਿਕਲਣ ਕਰਕੇ ਆਲੂ, ਮਟਰ, ਟਮਾਟਰ, ਮੂਲੀ ਤੇ ਗਾਜਰ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਸੀ। ਹੁਣ ਲੰਘੀ ਰਾਤ ਤੋਂ ਪੈ ਰਹੇ ਮੀਂਹ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਉਨ੍ਹਾਂ ਦੀ ਆਲੂ ਤੇ ਮੂਲੀ ਦੀ ਫ਼ਸਲ ਤਾਂ ਨਸ਼ਟ ਹੋਣ ਕੰਢੇ ਪਹੁੰਚ ਗਈ ਹੈ। ਅਜਿਹੇ ਹਾਲਾਤ ਵਿੱਚ ਕਿਸਾਨ ਦਾਗੀ ਆਲੂ ਨੂੰ ਹੀ ਸਸਤੇ ਭਾਅ ਮੰਡੀਆਂ ’ਚ ਵੇਚਣ ਲਈ ਮਜਬੂਰ ਹੋ ਗਿਆ ਹੈ। ਜਦੋਂ ਕਿ ਟਮਾਟਰ ਵੀ ਦਾਗੀ ਹੋ ਗਿਆ ਅਤੇ ਮਟਰ ਦਾ ਰੰਗ ਵੀ ਬਦਲ ਗਿਆ ਹੈ। ਅਜਿਹੇ ਹਾਲਾਤ ਵਿੱਚ ਕਿਸਾਨਾਂ ਨੂੰ ਵੱਡੇ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਧਰ ਬਾਗ਼ਬਾਨੀ ਵਿਭਾਗ ਵੱਲੋਂ ਸੂਬੇ ’ਚ ਫ਼ਸਲਾਂ ਦੇ ਨੁਕਸਾਨ ਦਾ ਸਰਵੇਖਣ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਸੁਨੀਲ ਜਾਖੜ ਦਾ ਯੂ-ਟਰਨ, ਮੁੱਖ ਮੰਤਰੀ ਉਮੀਦਵਾਰ ਲਈ ਕੀਤਾ ਚੰਨੀ ਦਾ ਸਮਰਥਨ



ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਰਾਜਧਾਨੀ ਚੰਡੀਗੜ੍ਹ ਵਿੱਚ 11.5 ਮਿਲੀਮੀਟਰ, ਲੁਧਿਆਣਾ ’ਚ 24.2, ਅੰਮ੍ਰਿਤਸਰ ’ਚ 10, ਪਟਿਆਲਾ ’ਚ 10.1, ਬਰਨਾਲਾ 15.5, ਬਠਿੰਡਾ 6.5, ਫਿਰੋਜ਼ਪੁਰ 5.5, ਗੁਰਦਾਸਪੁਰ 22, ਜਲੰਧਰ 29.5, ਮੋਗਾ 20.5, ਮੁਹਾਲੀ 8, ਮੁਕਤਸਰ 8.5 ਤੇ ਰੋਪੜ ਵਿੱਚ 21.5 ਮਿਲੀਮੀਟਰ ਮੀਂਹ ਪਿਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਵਿਗਾੜ ਕਰਕੇ ਹੀ ਉੱਤਰ ਭਾਰਤ ਦੇ ਮੌਸਮ ’ਚ ਤਬਦੀਲੀ ਆਈ ਹੈ। ਵਿਭਾਗ ਨੇ 4 ਤੇ ਪੰਜ ਫਰਵਰੀ ਨੂੰ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਜਦੋਂਕਿ ਅਗਲੇ ਹਫ਼ਤੇ ਸੰਘਣੀ ਧੁੰਦ ਪੈ ਸਕਦੀ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904