ਚੰਡੀਗੜ੍ਹ: ਚੰਡੀਗੜ੍ਹ 'ਚ ਮਾਨਸੂਨ ਦੀ ਸ਼ੁਰੂਆਤ ਹੀ ਹੋਈ ਹੈ, ਪਰ ਇਹ ਬਾਰਿਸ਼ ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਦੀ ਬਜਾਏ ਪ੍ਰੇਸ਼ਾਨੀ ਹੀ ਦੇ ਰਹੀ ਹੈ। ਕਈ ਸੈਕਟਰਾਂ ਵਿੱਚ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ `ਚ ਵੜ੍ਹ ਗਿਆ ਹੈ। ਸ਼ਹਿਰ ਦੀਆਂ ਕਲੋਨੀਆਂ ਦੀ ਹਾਲਤ ਹੋਰ ਵੀ ਮਾੜੀ ਹੈ। ਉੱਥੇ ਹੀ ਬਰਸਾਤੀ ਪਾਣੀ ਦੇ ਨਾਲ-ਨਾਲ ਸੀਵਰੇਜ ਦਾ ਪਾਣੀ ਵੀ ਘਰਾਂ ਵਿੱਚ ਦਾਖਲ ਹੋ ਰਿਹਾ ਹੈ। ਸ਼ਹਿਰ ਦੇ ਕਈ ਸੈਕਟਰਾਂ ਦੀਆਂ ਸੜਕਾਂ ਦੋ ਫੁੱਟ ਤੱਕ ਪਾਣੀ ਨਾਲ ਭਰ ਗਈਆਂ ਹਨ। ਲੋਕਾਂ ਨੂੰ ਵਾਹਨ ਚਲਾਉਣਾ ਔਖਾ ਹੋ ਰਿਹਾ ਹੈ। ਪਾਣੀ ਭਰਨ ਕਾਰਨ ਲੋਕਾਂ ਦੇ ਵਾਹਨ ਬੰਦ ਹੋ ਰਹੇ ਹਨ ਅਤੇ ਨੁਕਸਾਨ ਹੋ ਰਿਹਾ ਹੈ।


ਦੂਜੇ ਪਾਸੇ ਸ਼ਹਿਰ ਦੇ ਕਈ ਲਾਈਟ ਪੁਆਇੰਟ ਬੰਦ ਪਏ ਹਨ। ਅਜਿਹੇ 'ਚ ਪਾਣੀ ਭਰਨ ਦੇ ਬਾਵਜੂਦ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਕਟਰ 40/41 ਚੌਕ ਅਤੇ ਸੈਕਟਰ 36/37 ਦੇ ਲਾਈਟ ਪੁਆਇੰਟ ਸਮੇਤ ਹੋਰ ਕਈ ਥਾਵਾਂ ’ਤੇ ਪਾਣੀ ਭਰਨ ਦੀ ਵੱਡੀ ਸਮੱਸਿਆ ਬਣ ਗਈ ਹੈ। ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਕੂਲੋਂ ਕੱਢਣਾ ਪਿਆ। ਇਸ ਦੇ ਨਾਲ ਹੀ ਕਈ ਸੈਕਟਰਾਂ ਦੀਆਂ ਗਲੀਆਂ ਵਿੱਚ ਪਾਣੀ ਇੰਨਾ ਭਰ ਗਿਆ ਹੈ ਕਿ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ।


ਬਰਸਾਤ ਦਾ ਪਾਣੀ ਸੈਕਟਰ 38 ਦੇ ਘਰਾਂ ਵਿੱਚ ਦਾਖਲ ਹੋਣ ਕਾਰਨ ਉਨ੍ਹਾਂ ਦਾ ਫਰਨੀਚਰ ਅਤੇ ਹੋਰ ਸਾਮਾਨ ਨੁਕਸਾਨਿਆ ਗਿਆ। ਇਹੋ ਹਾਲ ਹੋਰ ਸੈਕਟਰਾਂ ਅਤੇ ਕਲੋਨੀਆਂ ਦਾ ਵੀ ਹੈ। ਲੋਕ ਬਾਲਟੀਆਂ ਨਾਲ ਪਾਣੀ ਕੱਢਣ ਵਿੱਚ ਲੱਗੇ ਹੋਏ ਹਨ।


ਮਾਨਸੂਨ ਸ਼ੁਰੂ ਹੋਣ ਤੋਂ ਪਹਿਲਾਂ ਚੰਡੀਗੜ੍ਹ ਨਗਰ ਨਿਗਮ ਨੇ ਦਾਅਵਾ ਕੀਤਾ ਸੀ ਕਿ 85 ਫੀਸਦੀ ਸੜਕਾਂ ਦੀ ਸਫ਼ਾਈ ਹੋ ਚੁੱਕੀ ਹੈ ਅਤੇ ਬਾਕੀਆਂ ਨੂੰ ਵੀ ਜਲਦੀ ਹੀ ਸਾਫ਼ ਕਰ ਦਿੱਤਾ ਜਾਵੇਗਾ। ਹਾਲਾਂਕਿ ਇਨ੍ਹਾਂ ਦਾਅਵਿਆਂ ਦੇ ਬਾਵਜੂਦ ਸ਼ਹਿਰ ਪਾਣੀ ਵਿਚ ਡੁੱਬਿਆ ਜਾ ਰਿਹਾ ਹੈ। ਬਰਸਾਤ ਦੇ ਪਾਣੀ ਦੀ ਨਿਕਾਸੀ ਹੋਣ ਵਿੱਚ ਕਾਫੀ ਸਮਾਂ ਲੱਗ ਰਿਹਾ ਹੈ। ਅਜਿਹੇ 'ਚ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਚੰਡੀਗੜ੍ਹ ਸੈਕਟਰ 17 ਬੱਸ ਸਟੈਂਡ ਰੋਡ, ਮੱਧ ਮਾਰਗ ਅਤੇ ਟ੍ਰਿਬਿਊਨ ਚੌਕ ਤੋਂ ਕਿਸਾਨ ਭਵਨ ਵਾਲੀ ਰੋਡ ’ਤੇ ਹਾਲਾਤ ਬਦਤਰ ਹਨ। ਇੱਥੇ ਪਾਣੀ ਭਰ ਜਾਣ ਕਾਰਨ ਆਵਾਜਾਈ ਜਾਮ ਹੋ ਜਾਂਦੀ ਹੈ। ਅਜਿਹੇ 'ਚ ਲੋਕਾਂ ਨੂੰ ਇਕ ਚੌਕ ਪਾਰ ਕਰਨ 'ਚ 15 ਤੋਂ 20 ਮਿੰਟ ਲੱਗ ਰਹੇ ਹਨ।