ਚੰਡੀਗੜ੍ਹ: ਪੰਜਾਬ 'ਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਮੀਂਹ ਜਾਰੀ ਹੈ। ਸੋਮਵਾਰ ਨੂੰ ਕਈ ਜ਼ਿਲ੍ਹਿਆਂ 'ਚ ਤੇਜ਼ ਬਾਰਸ਼ ਹੋਈ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਜ਼ਿਲ੍ਹਾ ਫਿਰੋਜ਼ਪੁਰ ਜਲ ਥਲ ਹੋਇਆ ਪਿਆ ਹੈ। ਇੱਥੇ ਕੁਝ ਹੀ ਮਿੰਟਾਂ 'ਚ 56mm ਬਾਰਸ਼ ਦਰਜ ਕੀਤੀ ਗਈ ਹੈ।


ਇਸ ਦੌਰਾਨ ਬਠਿੰਡਾ 'ਚ 39.8mm, ਕਪੂਰਥਲਾ 'ਚ 27.5mm, ਅੰਮ੍ਰਿਤਸਰ 'ਚ 12.8 mm, ਚੰਡੀਗੜ੍ਹ 'ਚ 1 ਲੁਧਿਆਣਾ 'ਚ 8, ਪਠਾਨਕੋਟ 8.8 ਤੇ ਪਟਿਆਲਾ 'ਚ 0.6mm ਬਾਰਸ਼ ਰਿਕਾਰਡ ਹੋਈ ਹੈ।

ਮੀਂਹ ਦੇ ਨਾਲ ਪਾਰੇ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਦਿਨ ਵੇਲੇ ਪਾਰਾ ਆਮ ਨਾਲੋਂ 2 ਤੋਂ 4 ਡਿਗਰੀ ਘੱਟ ਰਿਹਾ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 24 ਜੁਲਾਈ ਤੱਕ ਬੱਦਲਵਾਈ ਜਾਰੀ ਰਹੇਗੀ ਤੇ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅਗਲੇ ਚਾਰ ਦਿਨਾਂ ਤੱਕ ਤੇਜ਼ ਹਵਾਵਾਂ ਵੀ ਜਾਰੀ ਰਹਿਣਗੀਆਂ।

ਮੌਸਮ ਵਿਭਾਗ ਮੁਤਾਬਕ ਰਾਜਧਾਨੀ ਦਿੱਲੀ 'ਚ ਅਗਲੇ ਦੋ ਦਿਨ ਕਈ ਥਾਈਂ ਭਾਰੀ ਮੀਂਹ ਪੈ ਸਕਦਾ ਹੈ। ਇਸ ਲਈ 21 ਤੋਂ 24 ਜੁਲਾਈ ਲਈ ਔਰੇਂਜ ਅਲਾਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ ਹਲਕੇ ਤੋਂ ਦਰਮਿਆਨਾ ਮੀਂਹ ਜਾਰੀ ਹੈ ਤੇ ਕਈ ਥਾਵਾਂ ਤੇ ਭਾਰੀ ਮੀਂਹ ਦੀ ਸੰਭਾਵਨਾ ਹੈ।