Punjab News: ਕਾਂਗਰਸੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ 'ਵਾਰਿਸ ਪੰਜਾਬ ਦੇ' ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੀਆਂ ਸਰਗਰਮੀਆਂ ਦਾ ਹਵਾਲਾ ਦਿੰਦਿਆਂ ਪੰਜਾਬ ਅੰਦਰ ਅਮਨ ਕਾਨੂੰਨ ਦੀ ਹਾਲਤ 'ਤੇ ਸਵਾਲ ਉਠਾਏ ਤਾਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਨ੍ਹਾਂ ਨੂੰ ਠੋਕਵਾਂ ਜਵਾਬ ਦਿੱਤਾ। ਇਸ ਦੌਰਾਨ ਰਾਜਾ ਵੜਿੰਗਾ ਤੇ ਮੀਤ ਹੇਅਰ ਆਹਮੋ ਸਾਹਮਣੇ ਹੋ ਗਏ।

Continues below advertisement



ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ’ਚ ਮੰਗਲਵਾਰ ਨੂੰ ਰਾਜਪਾਲ ਦੇ ਭਾਸ਼ਣ ’ਤੇ ਬਹਿਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਕਾਲੇ ਦੌਰ ’ਚ ਕਾਂਗਰਸੀ ਨੇਤਾਵਾਂ ਨੇ ਸ਼ਹਾਦਤਾਂ ਦੇ ਕੇ ਪੰਜਾਬ ਨੂੰ ਉੱਜੜਨ ਤੋਂ ਬਚਾਇਆ ਤੇ ਹੁਣ ਅਜਨਾਲਾ ਘਟਨਾ ਤੋਂ ਸੂਬੇ ਵਿਚ ਮੁੜ ਪੁਰਾਣੇ ਮਾਹੌਲ ਦਾ ਮੁੱਢ ਬੱਝਣ ਲੱਗਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਵਿਚ ਮੁੜ ਮੂਲਵਾਦੀ ਤੱਤ ਤੇ ਖਾਲਿਸਤਾਨੀ ਤਿਆਰੀ ਕਰਨ ਲੱਗੇ ਹਨ ਤੇ ਅੰਮ੍ਰਿਤਪਾਲ ਸਿੰਘ ਦੇ ਸਲਾਹਕਾਰ ਅਕਸਰ ਲਾਹੌਰ ਜਾਂਦੇ ਹਨ ਜਿੱਥੇ ਦੇਸ਼ ਤੇ ਵਿਦੇਸ਼ ਦੀਆਂ ਤਾਕਤਾਂ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਦੀਆਂ ਸਾਜਿਸ਼ਾਂ ਰਚਦੀਆਂ ਹਨ ਪਰ ਉਹ ਸੂਬੇ ਦਾ ਮਾਹੌਲ ਹਰਗਿਜ਼ ਖ਼ਰਾਬ ਨਹੀਂ ਹੋਣ ਦੇਣਗੇ। 


ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਭ ਕੁਝ ਮੂਕ ਦਰਸ਼ਕ ਬਣ ਕੇ ਦੇਖ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਸਰਕਾਰ ਅੰਮ੍ਰਿਤਪਾਲ ਸਿੰਘ ਤੋਂ ਕਿਉਂ ਡਰ ਰਹੀ ਹੈ। ਦੁਬਈ ਵਿੱਚੋਂ ਅਚਨਚੇਤ ਆਏ ਨੌਜਵਾਨ ਦੀ ਪਿੰਡ ਰੋਡੇ ਵਿਚ ਦਸਤਾਰਬੰਦੀ ਹੋਣੀ ਖ਼ੁਫ਼ੀਆ ਏਜੰਸੀਆਂ ਦੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਸੂਬੇ ਦੀ ਪੁਲੀਸ ਨੂੰ ਸੁਰੱਖਿਅਤ ਨਹੀਂ ਰੱਖ ਸਕੀ। ਮੁੱਖ ਮੰਤਰੀ ਨੂੰ ਅਜਨਾਲਾ ਘਟਨਾ ਨੂੰ ਲੈ ਕੇ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਪੰਜਾਬ ਵਿਚ ਗਵਰਨਰੀ ਰਾਜ ਲਾਉਣ ਦੀ ਤਾਕ ਵਿਚ ਹੈ ਪਰ ਉਹ ਅਜਿਹਾ ਨਹੀਂ ਹੋਣ ਦੇਣਗੇ।


ਕੈਬਨਿਟ ਮੰਤਰੀ ਮੀਤ ਹੇਅਰ ਨੇ ਵੜਿੰਗ ਨੂੰ ਜਵਾਬ ਦਿੰਦਿਆਂ ਕਿਹਾ ਕਿ ਲਾਅ ਐਂਡ ਆਰਡਰ ਅੱਜ ਖ਼ਰਾਬ ਨਹੀਂ ਹੋਇਆ। ਉਹ ਇਸ ਬਾਰੇ ਬੀਤੇ ਵਰ੍ਹਿਆਂ ਨੂੰ ਯਾਦ ਕਰਨ। ਉਨ੍ਹਾਂ ਕਿਹਾ ਕਿ ਨਾਭਾ ਜੇਲ੍ਹ ਤੋੜ ਕੇ ਗੈਂਗਸਟਰ ਫਰਾਰ ਹੋਏ ਤੇ ਗੈਂਗਸਟਰ ਸੁੱਖਾ ਕਾਹਲਵਾ ਦਾ ਮਾਮਲਾ ਵੀ ਕਿਸੇ ਤੋਂ ਲੁਕਿਆ ਨਹੀਂ। ਉਹ ਵਿਰੋਧੀਆਂ ਨੂੰ ਪੰਜਾਬ ਨੂੰ ਬਦਨਾਮ ਕਰਨ ਕਰਨ ਦਾ ਮੌਕਾ ਨਹੀਂ ਦੇਣਗੇ। 


ਉਨ੍ਹਾਂ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਹਵਾਲੇ ਨਾਲ ਕਿਹਾ ਕਿ ਗੋਲੀ ਨਾਲ ਰੋਜ਼ਾਨਾ ਮੌਤਾਂ ਦਾ ਅੰਕੜਾ ਪੰਜਾਬ ਵਿਚ 1.2 ਹੈ ਜਦੋਂ ਕਿ ਹਰਿਆਣਾ ਵਿਚ 6 ਦਾ ਹੈ। ਰਿਕਾਰਡ ਬਿਊਰੋ ਅਨੁਸਾਰ ਪੰਜਾਬ ਕ੍ਰਾਈਮ ਵਿਚ 17ਵੇਂ ਨੰਬਰ ’ਤੇ ਹੈ। ਉਨ੍ਹਾਂ ਕਿਹਾ ਕਿ ਕਾਲਾ ਦੌਰ ਕਿਸ ਦੀ ਦੇਣ ਸੀ, ਇਹ ਸਭ ਨੂੰ ਪਤਾ ਹੈ ਜਿਨ੍ਹਾਂ ਅੱਠ ਵਾਰੀ ਪੰਜਾਬ ਵਿਚ ਗਵਰਨਰੀ ਰਾਜ ਲਾਇਆ, ਉਹੀ ਅੱਜ ਗਵਰਨਰੀ ਰਾਜ ਖ਼ਿਲਾਫ਼ ਬੋਲ ਰਹੇ ਹਨ।