Punjab Vidhan Sabha: ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਸ਼ੁਰੂ ਹੋ ਰਿਹਾ ਹੈ। ਇਸ ਸੈਸ਼ਨ ਵਿੱਚ ਕਾਫੀ ਹੰਗਾਮਾ ਹੋਣ ਦੇ ਆਸਾਰ ਹਨ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਵੱਲੋਂ ਵਿਧਾਨ ਸਭਾ ਦਾ ਸੈਸ਼ਨ ਨੂੰ ਗੈਰ ਕਾਨੂੰਨੀ ਕਰਾਰ ਦੇਣ ਉੱਪਰ ਸਪਸ਼ਟੀਕਰਨ ਮੰਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਗਵਰਨਰ ਹਰ ਵਾਰ ਦੇ ਸੈਸ਼ਨ ਨੂੰ ਗੈਰਕਾਨੂੰਨੀ ਕਰਾਰ ਤਾਂ ਦੇ ਦਿੰਦੇ ਹਨ ਪਰ ਕੋਈ ਕਾਰਵਾਈ ਨਹੀਂ ਕਰਦੇ। 



ਰਾਜਾ ਵੜਿੰਗ ਨੇ ਟਵੀਟ ਕਰਕੇ ਕਿਹਾ...ਮਾਣਯੋਗ ਗਵਰਨਰ ਸਾਹਿਬ ਹਰ ਵਾਰ ਦੇ ਸੈਸ਼ਨ ਨੂੰ ਗੈਰਕਾਨੂੰਨੀ ਕਰਾਰ ਤਾਂ ਦੇ ਦਿੰਦੇ ਹਨ ਪਰ ਕੋਈ ਕਾਰਵਾਈ ਨਹੀਂ ਕਰਦੇ। ਮੇਰੀ ਉਹਨਾਂ ਨੂੰ ਬੇਨਤੀ ਹੈ ਕਿ ਇਸ ਸਭ ਵਿੱਚ ਪੰਜਾਬ ਦੇ ਲੋਕਾਂ ਦਾ ਸਮਾਂ ਖਰਾਬ ਕਰਨ ਦੀ ਬਜਾਏ ਸਥਿਤੀ ਸਪਸ਼ਟ ਕੀਤੀ ਜਾਵੇ ਤਾਂ ਜੋ ਅਸਲ ਮੁੱਦਿਆਂ ਤੇ ਧਿਆਨ ਦੇ ਕੇ ਅਗਲੀ ਕਾਰਵਾਈ ਅਰੰਭੀ ਜਾ ਸਕੇ।


 






ਦੱਸ ਦਈਏ ਕਿ ਐਸਵਾਈਐਲ ਤੇ ਹੋਰ ਕਈ ਮੁੱਦਿਆਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਉਬਾਲ ਆਇਆ ਹੋਇਆ ਹੈ। ਇਸ ਲਈ 20 ਤੇ 21 ਅਕਤੂਬਰ ਨੂੰ ਬੁਲਾਇਆ ਗਿਆ ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਇਜਲਾਸ ਹੰਗਾਮੇਦਾਰ ਰਹਿਣ ਦੀ ਸੰਭਾਵਨਾ ਹੈ। ਭਗਵੰਤ ਮਾਨ ਸਰਕਾਰ ਦਾ ਦਾਅਵਾ ਹੈ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜ਼ਰੂਰੀ ਵਿਧਾਨਕ ਕੰਮਕਾਜ ਦੇ ਮਕਸਦ ਨਾਲ ਬੁਲਾਇਆ ਗਿਆ ਹੈ ਪਰ ਵਿਰੋਧੀ ਪਾਰਟੀਆਂ ਨੇ ਐਸਵਾਈਐਲ ਤੇ ਨਸ਼ਿਆਂ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਨ ਦੀ ਤਿਆਰੀ ਖਿੱਚੀ ਹੋਈ ਹੈ।


ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲੀ ਨਵੰਬਰ ਨੂੰ ਵਿਰੋਧੀ ਧਿਰ ਦੇ ਵੱਡੇ ਆਗੂਆਂ ਨੂੰ ਖੁੱਲ੍ਹੀ ਬਹਿਸ ਦੇ ਸੱਦੇ ਦਾ ਮੁੱਦੇ ਉੱਪਰ ਵੀ ਸਦਨ ਵਿੱਚ ਹੰਗਾਮਾ ਹੋਣਾ ਯਕੀਨੀ ਹੈ ਕਿਉਂਕਿ ਵਿਰੋਧੀ ਪਾਰਟੀਆਂ ਨੇ ਮੁੱਖ ਮੰਤਰੀ ਦੇ ਸੱਦੇ ਨੂੰ ਵੱਖ-ਵੱਖ ਸ਼ਰਤਾਂ ਨਾਲ ਠੁਕਰਾ ਦਿੱਤਾ ਹੈ। ਇਸ ਕਰਕੇ ਸਿਆਸਤ ਗਰਮਾਈ ਹੋਈ ਹੈ।