ਮੋਹਾਲੀ : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਂਗਰਸ ਦੇ ਸੀਨੀਅਰ ਆਗੂ  ਸੁਖਪਾਲ ਖਹਿਰਾ ਖਿਲਾਫ ਮੋਹਾਲੀ ਦੇ ਫੇਜ਼-1 ਥਾਣਾ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਆਗੂਆਂ 'ਤੇ ਦੋਸ਼ ਹੈ ਕਿ ਇਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਮ ਆਦਮੀ ਪਾਰਟੀ ਦੀ ਇੱਕ ਫਰਜ਼ੀ ਲਿਸਟ ਸ਼ੇਅਰ ਕੀਤੀ ਹੈ।  

 

ਆਮ ਆਦਮੀ ਪਾਰਟੀ ਵੱਲੋਂ ਅਜੇ ਤੱਕ ਅਜਿਹੀ ਕੋਈ ਸੂਚੀ ਜਾਰੀ ਨਹੀਂ ਕੀਤੀ ਗਈ ਹੈ। ਇਹ ਮਾਮਲਾ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਪ੍ਰਭਜੋਤ ਕੌਰ ਦੀ ਸ਼ਿਕਾਇਤ ’ਤੇ ਮੋਹਾਲੀ ਦੇ ਫੇਜ਼-1 ਥਾਣਾ 'ਚ ਦਰਜ ਕੀਤਾ ਗਿਆ ਹੈ। ਮੋਹਾਲੀ ਥਾਣੇ ਵਿੱਚ ਦੋਹਾਂ ਕਾਂਗਰਸੀ ਆਗੂਆਂ ਖਿਲਾਫ਼ ਇਹ ਐਫ.ਆਈ.ਆਰ. ਧਾਰਾ 465, 471 ਅਤੇ ਇਨਫ਼ਰਮੇਸ਼ਨ ਟੈਕਨਾਲੋਜੀ ਐਕਟ 2000 ਦੀ ਧਾਰਾ 66 ਡੀ ਤਹਿਤ ਦਰਜ ਕੀਤੀ ਗਈ ਹੈ।

 

ਇਹਨਾਂ ਦੋਹਾਂ ਆਗੂਆਂ ਨੇ 2 ਸਤੰਬਰ ਨੂੰ ਇਕ ਟਵੀਟ ਕਰਕੇ ਇੱਕ ਸੂਚੀ ਸ਼ੇਅਰ ਕੀਤੀ ਸੀ  ,ਜਿਸ ਵਿੱਚ ਇਕ ਸੂਚੀ  ‘ਆਮ ਆਦਮੀ ਪਾਰਟੀ’ ਦੇ ਲੈਟਰ ਹੈੱਡ ’ਤੇ ਸੀ ਅਤੇ ਜਿਸ ਦੇ ਥੱਲੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਦਸਤਖ਼ਤ ਸਨ। ਇਨ੍ਹਾਂ 'ਤੇ ਦੋਸ਼ ਹੈ ਕਿ ਇਹ ਗ਼ਲਤ ਚਿੱਠੀ ਸ਼ੇਅਰ ਕਰਕੇ ਲੋਕਾਂ ਵਿੱਚ ਗ਼ਲਤ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ।

 

ਦੱਸ ਦੇਈਏ ਕਿ ਸੁਖ਼ਪਾਲ ਸਿੰਘ ਖ਼ਹਿਰਾ ਨੇ ਆਪਣੇ ਟਵੀਟ ਵਿੱਚ ਕਿਹਾ ਸੀ ਕਿ ‘ਇਹ ਹੁਣ ਦਸਤਾਵੇਜ਼ੀ ਸਬੂਤਾਂ ਦੇ ਨਾਲ ਬਹੁਤ ਹੀ ਸਪਸ਼ਟ ਹੋ ਚੁੱਕਾ ਹੈ ਕਿ ਭਗਵੰਤ ਮਾਨ ਕੋਲ ਪੰਜਾਬ ਵਿੱਚ ਨਿਯੁਕਤੀਆਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਇਹ ਅਰਵਿੰਦ ਕੇਜਰੀਵਾਲ ਵੱਲੋਂ ਪ੍ਰਵਾਨ ਕੀਤੀਆਂ ਜਾਂਦੀਆਂ ਹਨ। ਜੇ ਇਹ ‘ਆਮ ਆਦਮੀ ਪਾਰਟੀ’ ਦੀਆਂ ਨਿਯੁਕਤੀਆਂ ਹੁੰਦੀਆਂ ਤਾਂ ਇਹ ਸਹੀ ਹੁੰਦਾ ਕਿਉਂਕਿ ਕੇਜਰੀਵਾਲ ਪਾਰਟੀ ਦੇ ਮੁਖ਼ੀ ਹਨ ਪਰ ਸਰਕਾਰੀ ਨਿਯੁਕਤੀਆਂ ਉਨ੍ਹਾਂ ਵੱਲੋਂ ਕੀਤੇ ਜਾਣਾ ਪ੍ਰਵਾਨਗੀਯੋਗ ਨਹੀਂ ਹੈ। 

 



ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਆਪਣੇ ਟਵੀਟ ਰਾਹੀਂ ਕਿਹਾ ਸੀ, ‘ਗੱਲ ਨਾਲਜ ਸ਼ੇਅਰ ਕਰਨ ਦੀ ਹੋਈ ਸੀ ਕੁਰਸੀ ਦੀ ਨਹੀਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਪੰਜਾਬ ਦੇ ਰਾਜ ਚੇਅਰਮੈਨਾਂ ਦੀ ਨਿਯੁਕਤੀ ਸੂਬੇ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰਦੀ ਹੈ ਅਤੇ ਆਪ ਪਾਰਟੀ ਵਿੱਚ ਖਿੱਚੋਤਾਣ ਵਿਖਾਉਂਦੀ ਹੈ। ਆਲ ਵੈਲ ‘ਆਪ ਪੰਜਾਬ’?’