ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਖਿਲਾਫ ਮੋਹਾਲੀ ਦੇ ਫੇਜ਼-1 ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਆਗੂਆਂ 'ਤੇ ਦੋਸ਼ ਹੈ ਕਿ ਇਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਮ ਆਦਮੀ ਪਾਰਟੀ ਵੱਲੋਂ ਜਾਰੀ ਚੇਅਰਮੈਨਾਂ ਦੀ ਸੂਚੀ ਸਾਂਝੀ ਕੀਤੀ ਹੈ, ਜੋ ਕਿ ਪੂਰੀ ਤਰ੍ਹਾਂ ਫਰਜ਼ੀ ਹੈ।


 

FIR ਦਰਜ ਹੋਣ ਤੋਂ ਬਾਅਦ ਖਹਿਰਾ ਦਾ ਟਵੀਟ ਸਾਹਮਣੇ ਆਇਆ ਹੈ। ਕਾਂਗਰਸ ਵਿਧਾਇਕ ਖਹਿਰਾ ਨੇ ਟਵੀਟ ਕਰਦਿਆਂ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ਦੀ ਜ਼ੁਬਾਨ ਵਿੱਚ ਭੇਜੇ ਗਏ FIR ਲਵ ਲੈਟਰ(Love letter) ਦਾ ਸਵਾਗਤ ਕਰਦਾ ਹਾਂ ਪਰ ਕੀ AAP ਆਫੀਸ਼ਅਲ ਪੇਜਾਂ ਤੇ ਸਿਕਉਰਟੀ(security) ਡਿਟੇਲ ਸ਼ੇਅਰ ਕਰਕੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਵਾਲੇ ਮੁੱਖ ਮੰਤਰੀ ਉੱਪਰ ਵੀ ਕੋਈ FIR ਦਰਜ ਹੋਵੇਗੀ ? 

 

ਕੀ ਭਗਵੰਤ ਮਾਨ ਵਿੱਚ ਇੰਨੀ ਜੁਰੱਅਤ ਹੈ ਕਿ ਪੰਜਾਬ ਦੇ ਸਰਕਾਰੀ ਖਜਾਨੇ ਨੂੰ ਨੁਕਸਾਨ ਪਹੁੰਚਾ ਕੇ Z+ ਸਿਕਉਰਟੀ ਲੈਣ ਲਈ ਖੁਦ ਨੂੰ AAP ਪੰਜਾਬ ਦਾ ਝੂਠਾ ਪ੍ਰਧਾਨ ਦਿਖਾਉਣ ਵਾਲੇ ਕੇਜਰੀਵਾਲ ਖਿਲਾਫ ਕਾਰਵਾਈ ਕਰ ਸਕੇ? ਇੰਝ ਮਹਿਸੂਸ ਹੁੰਦਾ ਹੈ ਕਿ ਅਲਕਾ ਲਾਂਬਾ ਵਰਗੇ ਸਿਆਸੀ ਵਿਰੋਧੀਆਂ ਤੇ ਝੂਠੇ ਮੁਕੱਦਮੇ ਦਰਜ ਕਰਵਾਉਣ ਵਾਲੇ ਕੇਜਰੀਵਾਲ ਨੇ ਕੋਈ ਸਬਕ ਨਹੀਂ ਸਿੱਖਿਆ ਅਤੇ ਹੁਣ ਸਾਡੇ ਤੇ ਝੂਠੇ ਪਰਚੇ ਦਰਜ ਕਰਵਾ ਰਿਹਾ ਹੈ।

ਇਸ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ "ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਸੋਸ਼ਲ ਮੀਡੀਆ 'ਤੇ ਜੋ ਪੋਸਟ ਕੀਤਾ ਸੀ, ਉਸ ਨੂੰ ਸ਼ੇਅਰ ਕਰਨ ਲਈ ਮੇਰੇ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਐਫਆਈਆਰ ਨਾਲ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇੱਥੋਂ ਤੱਕ ਕਿ ਭਾਜਪਾ ਪੰਜਾਬ ਦੇ ਫੇਸਬੁੱਕ ਅਕਾਊਂਟ ਨੇ ਵੀ ਇਹ ਪੱਤਰ ਸ਼ੇਅਰ ਕੀਤਾ ਹੈ। ਉਨ੍ਹਾਂ ਦੇ ਖਿਲਾਫ ਕੋਈ ਐਫਆਈਆਰ ਕਿਉਂ ਨਹੀਂ ਜਾਂ ਤੁਸੀਂ ਭਾਜਪਾ ਤੋਂ ਡਰਦੇ ਹੋ।

 


ਦੱਸ ਦੇਈਏ ਕਿ ਸੁਖ਼ਪਾਲ ਸਿੰਘ ਖ਼ਹਿਰਾ ਨੇ ਆਪਣੇ ਟਵੀਟ ਵਿੱਚ ਕਿਹਾ ਸੀ ਕਿ ‘ਇਹ ਹੁਣ ਦਸਤਾਵੇਜ਼ੀ ਸਬੂਤਾਂ ਦੇ ਨਾਲ ਬਹੁਤ ਹੀ ਸਪਸ਼ਟ ਹੋ ਚੁੱਕਾ ਹੈ ਕਿ ਭਗਵੰਤ ਮਾਨ ਕੋਲ ਪੰਜਾਬ ਵਿੱਚ ਨਿਯੁਕਤੀਆਂ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਇਹ ਅਰਵਿੰਦ ਕੇਜਰੀਵਾਲ ਵੱਲੋਂ ਪ੍ਰਵਾਨ ਕੀਤੀਆਂ ਜਾਂਦੀਆਂ ਹਨ। ਜੇ ਇਹ ‘ਆਮ ਆਦਮੀ ਪਾਰਟੀ’ ਦੀਆਂ ਨਿਯੁਕਤੀਆਂ ਹੁੰਦੀਆਂ ਤਾਂ ਇਹ ਸਹੀ ਹੁੰਦਾ ਕਿਉਂਕਿ ਕੇਜਰੀਵਾਲ ਪਾਰਟੀ ਦੇ ਮੁਖ਼ੀ ਹਨ ਪਰ ਸਰਕਾਰੀ ਨਿਯੁਕਤੀਆਂ ਉਨ੍ਹਾਂ ਵੱਲੋਂ ਕੀਤੇ ਜਾਣਾ ਪ੍ਰਵਾਨਗੀਯੋਗ ਨਹੀਂ ਹੈ। 

 



ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਆਪਣੇ ਟਵੀਟ ਰਾਹੀਂ ਕਿਹਾ ਸੀ, ‘ਗੱਲ ਨਾਲਜ ਸ਼ੇਅਰ ਕਰਨ ਦੀ ਹੋਈ ਸੀ ਕੁਰਸੀ ਦੀ ਨਹੀਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੁਆਰਾ ਪੰਜਾਬ ਦੇ ਰਾਜ ਚੇਅਰਮੈਨਾਂ ਦੀ ਨਿਯੁਕਤੀ ਸੂਬੇ ਦੀ ਲੀਡਰਸ਼ਿਪ ਨੂੰ ਕਮਜ਼ੋਰ ਕਰਦੀ ਹੈ ਅਤੇ ਆਪ ਪਾਰਟੀ ਵਿੱਚ ਖਿੱਚੋਤਾਣ ਵਿਖਾਉਂਦੀ ਹੈ। ਆਲ ਵੈਲ ‘ਆਪ ਪੰਜਾਬ’?’