Punjab News: ਪੰਜਾਬ ਦੀ ਸਿਆਸਤ ਨੂੰ ਇਸ ਵੇਲੇ ਪੰਜਾਬ ਉੱਤੇ ਆਈ ਮੁਸੀਬਤ ਵੀ ਠੰਢਾ ਨਹੀਂ ਕਰ ਸਕੀ ਹੈ। ਇਸ ਮੌਕੇ ਵਿਰੋਧੀ ਮੁੱਖ ਮੰਤਰੀ 'ਤੇ ਹੜ੍ਹਾਂ ਨਾਲ ਨਜਿੱਠਣ ਲਈ ਪੂਰੇ ਇੰਤਜ਼ਾਮ ਨਾ ਕਰਨ ਦੇ ਇਲਜ਼ਾਮ ਲਾ ਰਹੇ ਹਨ। ਇਸ ਦੌਰਾਨ ਮੁੱਖ ਮੰਤਰੀ ਨੇ ਬਚੀ-ਖੁਚੀ ਕਾਂਗਰਸ ਕਹਿ ਕੇ ਨਿਸ਼ਾਨਾ ਸਾਧਿਆ ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਿਕਾ ਕੇ ਜਵਾਬ ਦਿੱਤਾ ਹੈ।


ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ, ਮਾਨ ਸਾਹਿਬ ਰਾਜਨੀਤੀ ਦੀ ਗੱਲ ਤਾਂ ਤੁਹਾਡੇ ਨਾਲ ਤਾਂ ਕਰੀਏ ਜੇ ਕੋਈ ‘ਰਾਜ’ ਨੀਤੀ ਨਾਲ ਚੱਲ ਰਿਹਾ ਹੋਵੇ! ਤੁਸੀਂ ਤਾਂ ਸਟੇਜ ਚਲਾ ਰਹੇ ਹੋ ਤੇ ਅਸੀਂ, ਮਾਫ਼ ਕਰਨਾ, ਮਸਖਰੇ ਨਹੀਂ ਹਾਂ। ਅੱਜ ਪੰਜਾਬ ਦੇ ਜੋ ਹਾਲਾਤ ਹਨ ਉਸ ਦੇ ਤੁਸੀਂ ਜ਼ਿੰਮੇਵਾਰ ਹੋ ਕਿਉਂਕਿ ਤੁਸੀਂ ਮੌਸਮ ਵਿਭਾਗ ਦੀ ਚੇਤਾਵਨੀ ਦੇ ਬਾਵਜੂਦ ਹੜ੍ਹਾਂ ਨਾਲ ਨਜਿੱਠਣ ਲਈ ਕੋਈ ਯੋਜਨਾ ਨਹੀਂ ਬਣਾਈ।






ਇਸ ਤੋਂ ਇਲਾਵਾ ਰਾਜਾ ਵੜਿੰਗ ਨੇ ਕਿਹਾ ਕਿ, ਬਾਕੀ ਗੱਲ ਰਹੀ ਬਚੀ ਖੁਚੀ ਕਾਂਗਰਸ ਵਾਲੀ, ਇੱਕ ਲੋਕ ਸਭਾ MP ਵਾਲੀ ਪਾਰਟੀ ਦੇ ਮੁੱਖੀ ਕੇਜਰੀਵਾਲ ਜੀ ਅਤੇ ਤੁਸੀਂ ਇਸੇ ਕਾਂਗਰਸ ਦੀ ਮੱਦਦ ਲਈ ਦਿੱਲੀ ਵਿੱਚ ਤਰਲੋ ਮੱਛੀ ਕਿਉਂ ਹੋ ਰਹੇ ਹੋ ?


ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ, ਪੰਜਾਬ ਕਾਂਗਰਸ ਦੀ “ਭਾਜਪਾ”ਇਕਾਈ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ, ਬਚੀ ਖੁਚੀ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਜੀ.ਸ੍ਰੋਮਣੀ ਖਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਜੀ.. ਮੈਂ ਏਸ ਵਕਤ ਪੰਜਾਬ ਦੇ ਲੋਕਾਂ ਦੀ ਕੁਦਰਤੀ ਆਫ਼ਤ ਚ ਬਾਂਹ ਫੜ ਰਿਹਾ ਹਾਂ.. ਮੈਨੂੰ ਮੇਰੇ ਲੋਕਾਂ ਦੀ ਮਦਦ ਕਰ ਲੈਣ ਦਿਓ..ਬੱਸ ਆ ਕੇ ਥੋਡੇ ਨਾਲ ਰਾਜਨੀਤੀ ਦੀ ਗੱਲ ਕਰਾਂਗਾ..