Punjab News: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja warring) ਵੀ 'ਵਾਰਿਸ ਪੰਜਾਬ ਦੇ( Waris Punjab De)' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਾਲਸਾ (Amritpal Singh) ਦੇ ਵਿਰੋਧ ਵਿੱਚ ਨਿੱਤਰੇ ਹਨ। ਉਨ੍ਹਾਂ ਨੇ ਪੰਜਾਬ ਦੇ ਪੁਲਿਸ ਮੁਖੀ ਨੂੰ ਪੱਤਰ ਲਿਖ ਕੇ ਅੰਮ੍ਰਿਤਪਾਲ ਸਿੰਘ ਦੀਆਂ ਗਤਵਿਧੀਆਂ ਦਾ ਨੋਟਿਸ ਲੈਣ ਲਈ ਕਿਹਾ ਹੈ। ਅੰਮ੍ਰਿਤਪਾਲ ਸਿੰਘ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਉੱਪਰ ਕਾਫੀ ਚਰਚਾ ਵਿੱਚ ਹੈ।
ਇਸ ਬਾਰੇ ਰਾਜਾ ਵੜਿੰਗ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਦਾ ਨੋਟਿਸ ਲੈਣ ਲਈ ਡੀਜੀਪੀ ਪੰਜਾਬ ਪੁਲਿਸ ਨੂੰ ਲਿਖਿਆ ਹੈ। ਅਸੀਂ ਪੰਜਾਬ ਨੂੰ ਅਤਿਵਾਦ ਤੇ ਬੇਰਹਿਮੀ ਨਾਲ ਕਤਲੇਆਮ ਦੇ ਇੱਕ ਹੋਰ ਪੜਾਅ ਵਿੱਚ ਧੱਕਣਾ ਬਰਦਾਸ਼ਤ ਨਹੀਂ ਕਰ ਸਕਦੇ। ਸਾਡੇ ਨੌਜਵਾਨਾਂ ਦਾ ਜੀਵਨ ਤੇ ਖੂਨ ਇੰਨਾ ਪਵਿੱਤਰ ਹੈ ਕਿ ਇਹ ਕਾਲਪਨਿਕ ਸ਼ਿਕਵਿਆਂ ਲਈ ਵਹਾਇਆ ਤੇ ਬਰਬਾਦ ਨਹੀਂ ਕੀਤਾ ਜਾ ਸਕਦਾ।
ਇੱਕੋ ਦਮ ਚਰਚਾ ਵਿੱਚ ਆਏ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨਵ-ਨਿਯੁਕਤ ਜਥੇਦਾਰ ਅੰਮ੍ਰਿਤਪਾਲ ਸਿੰਘ ਦੀਆਂ ਗਤੀਵਿਧੀਆਂ ਨੂੰ ਲੈ ਕੇ ਕੇਂਦਰੀ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਹਨ। ਏਜੰਸੀਆਂ ਨੇ ਇਸ ਬਾਰੇ ਪੰਜਾਬ ਸਰਕਾਰ ਨੂੰ ਸੁਚੇਤ ਕਰਦਿਆਂ ਅੰਮ੍ਰਿਤਪਾਲ ਨਾਲ ਸਬੰਧਤ ਜਾਣਕਾਰੀ ਮੰਗੀ ਹੈ।
ਦੱਸ ਦਈਏ ਕਿ ਮੋਗਾ ਦੇ ਪਿੰਡ ਰੋਡੇ ਵਿੱਚ ਕੁਝ ਦਿਨ ਪਹਿਲਾਂ 20 ਸਾਲਾਂ ਬਾਅਦ ਦੁਬਈ ਤੋਂ ਪਰਤੇ ਅੰਮ੍ਰਿਤਪਾਲ ਸਿੰਘ ਦੀ ‘ਵਾਰਿਸ ਪੰਜਾਬ ਦੀ’ ਸੰਸਥਾ ਦੇ ਪ੍ਰਧਾਨ ਵਜੋਂ ਤਾਜਪੋਸ਼ੀ ਕੀਤੀ ਗਈ ਹੈ, ਜਿਸ ਨੂੰ ਕੇਂਦਰ ਤੇ ਰਾਜ ਦੀਆਂ ਖੁਫੀਆ ਏਜੰਸੀਆਂ ਨੇ ਬਹੁਤ ਗੰਭੀਰਤਾ ਨਾਲ ਲਿਆ ਹੈ। ਇੱਕ ਕੇਂਦਰੀ ਏਜੰਸੀ ਨੇ ਆਪਣੇ ਹੈੱਡਕੁਆਰਟਰ ਨੂੰ ਭੇਜੀ ਰਿਪੋਰਟ ਵਿੱਚ ਸਾਫ਼ ਲਿਖਿਆ ਹੈ ਕਿ ਇਸ ਪ੍ਰੋਗਰਾਮ ਵਿੱਚ ਦੇਸ਼ ਵਿਰੋਧੀ ਗੱਲਾਂ ਕਹੀਆਂ ਗਈਆਂ, ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਤੇ ਪ੍ਰਸ਼ਾਸਨ ਦੀ ਸਹਿਮਤੀ ਤੋਂ ਬਿਨਾਂ ਪ੍ਰੋਗਰਾਮ ਵਿੱਚ 20 ਹਜ਼ਾਰ ਤੋਂ ਵੱਧ ਲੋਕਾਂ ਦੀ ਭੀੜ ਨਹੀਂ ਹੋ ਸਕਦੀ।