ਹਨੂੰਮਾਨ ਚਾਲੀਸਾ ਪਾਠ ਨਾਲ ਛੇੜਛਾੜ ਕਰ ਬੁਰੇ ਘਿਰੇ ਰਾਜਾ ਵੜਿੰਗ, ਦੇਣੀ ਪਈ ਸਫ਼ਾਈ
ਏਬੀਪੀ ਸਾਂਝਾ | 29 Dec 2018 06:08 PM (IST)
ਚੰਡੀਗੜ੍ਹ: ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਖੰਘ ਵਾਲੀ ਦਵਾਈ ਨਹੀਂ ਬਲਕਿ ਧਾਰਮਿਕ ਮਸਲੇ ਕਰਕੇ ਵੜਿੰਗ ਬੁਰੇ ਘਿਰ ਗਏ ਤੇ ਸਫਾਈ ਵੀ ਦੇਣੀ ਪਈ। ਰਾਜਾ ਵੜਿੰਗ ਨੇ ਹਨੂੰਮਾਨ ਚਾਲੀਸਾ ਨਾਲ ਛੇੜਛਾੜ ਕੀਤੀ, ਜਿਸ ਦਾ ਕਾਫੀ ਵਿਰੋਧ ਹੋਇਆ। ਦਰਅਸਲ, ਰਾਜਾ ਵੜਿੰਗ ਨੇ ਹਨੂੰਮਾਨ ਚਾਲੀਸਾ ਪਾਠ ਨੂੰ ਤੋੜ ਮਰੋੜ ਕੇ ਚੁਟਕਲੇ ਵਜੋਂ ਪੇਸ਼ ਕਰਦਿਆਂ ਭਾਜਪਾ 'ਤੇ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਪਿਛਲੇ ਕੁਝ ਸਮੇਂ ਤੋਂ ਸਿਆਸੀ ਨੇਤਾਵਾਂ ਵੱਲੋਂ ਹਨੂੰਮਾਨ ਨੂੰ ਕਦੇ ਆਦਿਵਾਸੀ, ਕਦੇ ਦਲਿਤ ਤੇ ਕਦੇ ਖਿਡਾਰੀ ਦੱਸਣ 'ਤੇ ਵੜਿੰਗ ਨੇ ਤੰਜ਼ ਕੱਸਿਆ ਸੀ। ਪਰ ਇਹ ਵਾਰ ਉਨ੍ਹਾਂ 'ਤੇ ਹੀ ਉਲਟ ਪੈ ਗਿਆ। ਇਹ ਵੀ ਪੜ੍ਹੋ: ਵਿਧਾਨ ਸਭਾ ਦੇ ਬਾਹਰ ਵੀ ਰਾਜਾ ਵੜਿੰਗ ਦੀ 'ਖੰਘ ਵਾਲੀ ਦਵਾਈ' ਹਾਲਾਂਕਿ, ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਨੇ ਇਸ ਟਵੀਟ ਦੇ ਹੇਠ ਹਨੂੰਮਾਨ ਚਾਲੀਸਾ ਦੀਆਂ ਇਨ੍ਹਾਂ ਸਤਰਾਂ ਨੂੰ ਵ੍ਹੱਟਸਐਪ 'ਤੇ ਪ੍ਰਾਪਤ ਹੋਏ ਹੋਣ ਬਾਰੇ ਵੀ ਸੰਕੇਤ ਦਿੱਤਾ ਸੀ, ਪਰ ਵਿਰੋਧ ਸ਼ਾਂਤ ਕਰਨ ਲਈ ਇਹ ਕਾਫੀ ਨਹੀਂ ਰਿਹਾ। ਕਈ ਦਿਨ ਪਹਿਲਾਂ ਕੀਤੇ ਟਵੀਟ ਤੋਂ ਉੱਠੀ ਵਿਰੋਧ ਦੀ ਅੱਗ ਨੂੰ ਸ਼ਾਂਤ ਕਰਨ ਲਈ ਉਨ੍ਹਾਂ ਸ਼ਨੀਵਾਰ ਨੂੰ ਨਵਾਂ ਟਵੀਟ ਕੀਤਾ ਤੇ ਸਪੱਸ਼ਟੀਕਰਨ ਦਿੱਤਾ। ਆਪਣੀ ਸਫ਼ਾਈ ਵਿੱਚ ਰਾਜਾ ਵੜਿੰਗ ਨੇ ਖ਼ੁਦ ਨੂੰ ਹਨੂੰਮਾਨ ਭਗਤ ਦੱਸਦਿਆਂ ਕਿਹਾ ਕਿ ਮੇਰੇ ਟਵੀਟ ਨੇ ਉਨ੍ਹਾਂ ਦੇ ਚਿਹਰੇ ਨੂੰ ਬੇਨਕਾਬ ਕੀਤਾ ਜੋ ਭਗਵਾਨ ਦੇ ਨਾਂਅ 'ਤੇ ਦੇਸ਼ ਨੂੰ ਵੰਡ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਰਾਮ ਦੇ ਨਾਂਅ 'ਤੇ ਸਿਆਸਤ ਕਰਨ ਵਾਲੇ ਉਨ੍ਹਾਂ ਦੇ ਭਗਤ ਨੂੰ ਵੀ ਨਹੀਂ ਬਖ਼ਸ਼ ਰਹੇ। ਵੜਿੰਗ ਦੇ ਇਸ ਟਵੀਟ ਤੋਂ ਪਹਿਲਾਂ ਅਕਾਲੀ ਦਲ ਦੇ ਬੁਲਾਰੇ ਦਲਜੀਤ ਚੀਮਾ ਤੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਵੜਿੰਗ ਦੀ ਤਿੱਖੀ ਆਲੋਚਨਾ ਕੀਤੀ ਸੀ ਅਤੇ ਹਿੰਦੂ ਸੰਗਠਨਾਂ ਨੇ ਵੜਿੰਗ ਦੀਆਂ ਤਸਵੀਰਾਂ ਨੂੰ ਵੀ ਸਾੜ ਕੇ ਰੋਸ ਵਿਖਾਵਾ ਕੀਤਾ ਸੀ। ਸਬੰਧਤ ਖ਼ਬਰ: 'ਖੰਘ ਵਾਲੀ ਦਵਾਈ' ਦਾ ਲਾਰਾ ਲਾ ਕੇ ਫਸੇ ਰਾਜਾ ਵੜਿੰਗ