ਅੰਮ੍ਰਿਤਸਰ: ਤਰਨ ਤਾਰਨ ਜ਼ਿਲ੍ਹੇ ਦੇ ਪੱਟੀ ਨੇੜਲੇ ਪਿੰਡ ਠੱਕਰਪੁਰਾ 'ਚ ਸਥਿਤ ਚਰਚ 'ਚ ਵਾਪਰੀ ਬੇਅਦਬੀ ਦੀ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਕਾਰਗੁਜਾਰੀ ਸਿਆਸੀ ਵਿਰੋਧੀਆਂ ਦੇ ਨਿਸ਼ਾਨੇ 'ਤੇ ਹੈ। ਕਾਂਗਰਸੀ ਲੀਡਰਾਂ ਨੇ ਘਟਨਾ ਦੀ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਨੂੰ ਵੀ ਘੇਰਿਆ ਹੈ। 


ਪਿੰਡ ਠੱਕਰਪੁਰਾ ਵਿਖੇ ਘਟਨਾ ਸਥਾਨ ਦਾ ਜਾਇਜਾ ਲੈਣ ਤੇ ਇਸਾਈ ਭਾਈਚਾਰੇ ਦੇ ਨੁਮਾਇੰਦਿਆਂ ਨੂੰ ਮਿਲਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਮੈੰਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਓਪੀ ਸੋਨੀ ਤੇ ਹਰਮਿੰਦਰ ਸਿੰਘ ਗਿੱਲ ਪੁੱਜੇ। 


ਇਸ ਮੌਕੇ ਸਾਰੇ ਆਗੂਆਂ ਨੇ ਘਟਨਾ ਦੀ ਨਿਖੇਧੀ ਕੀਤੀ ਤੇ ਪੰਜਾਬ ਸਰਕਾਰ ਨੂੰ ਤੁਰੰਤ ਕਾਰਵਾਈ ਕਰਕੇ ਮੁਲਜਮਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਘਟਨਾ ਨੂੰ ਹਲਕੇ 'ਚ ਨਹੀ ਲੈਣਾ ਚਾਹੀਦਾ ਸਗੋਂ ਗੰਭੀਰਤਾ ਨਾਲ ਜਾਂਚ ਕਰਵਾਉਣੀ ਚਾਹੀਦੀ ਹੈ।


ਉਨ੍ਹਾਂ ਕਿਹਾ ਕਿ ਇਸ ਸਾਜਿਸ਼ ਨੂੰ ਬੇਨਕਾਬ ਕਰਨਾ ਚਾਹੀਦਾ ਹੈ, ਨਹੀਂ ਤਾਂ ਜਿਸ ਤਰ੍ਹਾਂ ਅਕਾਲੀ ਸਰਕਾਰ ਨੇ ਬਰਗਾੜੀ ਵਾਲੀ ਘਟਨਾ ਨੂੰ ਪਹਿਲਾਂ ਨਜ਼ਰਅੰਦਾਜ ਕੀਤਾ ਸੀ ਤੇ ਬਾਅਦ ਵਿੱਚ ਸੂਬੇ ਦੇ ਹਾਲਾਤ ਕਿੰਨਾ ਸਮਾਂ ਵਿਗੜੇ ਰਹੇ ਸੀ। ਮੌਜੂਦਾ ਸਰਕਾਰ ਨੂੰ ਇਹ ਗ਼ਲਤੀ ਨਹੀਂ ਕਰਨੀ ਚਾਹੀਦੀ। ਵੜਿੰਗ ਨੇ ਕਿਹਾ ਸਰਕਾਰ ਨੂੰ ਆਈਜੀ ਪੱਧਰ ਦੇ ਅਧਿਕਾਰੀ ਦੀ ਅਗਵਾਈ 'ਚ ਸਿੱਟ ਦਾ ਗਠਨ ਕਰਨਾ ਚਾਹੀਦਾ ਹੈ।


ਇਹ ਕੰਮ ਕੋਈ ਪੰਜਾਬੀ ਨਹੀਂ ਕਰ ਸਕਦਾ, ਦੇਸ਼ ਵਿਰੋਧੀ ਤਾਕਤਾਂ ਦਾ ਹੱਥ ਹੋ ਸਕਦਾ: ਬਾਜਵਾ


ਇਸ ਦੌਰਾਨ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੋਈ ਪੰਜਾਬੀ ਬੇਅਦਬੀ ਵਰਗੀ ਅਜਿਹੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦਾ। ਇਸ ਪਿੱਛੇ ਜ਼ਰੂਰ ਦੇਸ਼ ਵਿਰੋਧੀ ਤਾਕਤਾਂ ਦਾ ਹੱਥ ਹੋ ਸਕਦਾ ਹੈ। ਪੰਜਾਬ ਸਰਕਾਰ ਨੂੰ ਤੁਰੰਤ ਇਸ ਬਾਬਤ ਗੰਭੀਰਤਾ ਨਾਲ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ। ਬਾਜਵਾ ਪੱਟੀ ਦੇ ਠਕਰਪੁਰਾ ਚਰਚ 'ਚ ਬੇਅਦਬੀ ਵਾਲੀ ਥਾਂ ਦਾ ਨਿਰੀਖਣ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। 


ਬਾਜਵਾ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਰੁਝੇਵੇਂ ਹੋਣ ਕਰਕੇ ਇੱਥੇ ਨਹੀਂ ਆਏ ਪਰ ਘੱਟੋ-ਘੱਟ ਡੀਜੀਪੀ ਨੂੰ ਤਾਂ ਆਉਣਾ ਚਾਹੀਦਾ ਸੀ। ਬਾਜਵਾ ਨੇ ਕਿਹਾ ਪੰਜਾਬ 'ਚ ਸਾਰੇ ਧਰਮਾਂ ਦੇ ਲੋਕਾਂ ਦਾ ਆਪਸੀ ਨਹੁੰ ਮਾਸ ਦਾ ਰਿਸ਼ਤਾ ਹੈ। ਬਾਜਵਾ ਨੇ ਅੱਜ ਸਰਕਾਰ ਨੂੰ ਚੌਕਸ ਹੋਣ ਦੀ ਜ਼ਰੂਰਤ ਹੈ ਕਿਉਂਕਿ ਪਹਿਲਾਂ ਸੂਬੇ ਦਾ ਮਾਹੌਲ ਖਰਾਬ ਹੋਇਆ ਸੀ ਤਾਂ ਉਸ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਸੀ ਤੇ ਹੁਣ ਵੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ, ਇੱਥੇ ਵੀ ਸੱਚ ਬਾਹਰ ਆ ਜਾਵੇਗਾ।