Punjab News: ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਤੋਂ ਨਸ਼ਾ ਬਹੁਤ ਵੱਡਾ ਮੁੱਦਾ ਰਿਹਾ ਹੈ ਤੇ ਇਸੇ ਮੁੱਦੇ ਕਾਰਨ ਪੁਰਾਣੀਆਂ ਸਿਆਸੀ ਪਾਰਟੀਆਂ ਵੀ ਲੋਕਾਂ ਦੇ ਮਨੋਂ ਲੱਥੀਆਂ ਹਨ ਪਰ ਬਦਲਾਅ ਦਾ ਦਾਅਵਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਹਲਾਤ ਕੁਝ ਸੁਖਾਵੇਂ ਨਹੀਂ ਹਨ। ਆਏ ਦਿਨ ਪੰਜਾਬ ਵਿੱਚ ਨਸ਼ੇ ਨਾਲ ਨੌਜਵਾਨਾਂ ਦੀਆਂ ਲਾਸ਼ਾਂ ਉੱਠ ਰਹੀਆਂ ਹਨ। 


ਇਸ ਮੁੱਦੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਾਧਿਆ ਹੈ। ਵੜਿੰਗ ਨੇ  ਟਵੀਟ ਕਰਦਿਆਂ ਕਿਹਾ ਕਿ ਨਸ਼ਾ ਪੰਜਾਬ ਦੀਆਂ ਪੀੜੀਆਂ ਨੂੰ ਨਿਗਲ ਰਿਹਾ ਹੈ। ਨਸ਼ੇ ਕਾਰਨ ਦੋ ਪੁੱਤਾਂ ਨੂੰ ਗਵਾ ਚੁੱਕੀ ਮਾਂ ਤੀਜੇ ਪੁੱਤ ਦੇ ਵੀ ਨਸ਼ੇੜੀ ਬਣ ਜਾਣ ਕਾਰਨ ਸਦਮੇ ਵਿੱਚ ਹੈ।






ਤਿੰਨ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹਨਾਂ ਮਾਵਾਂ ਦੇ ਹੰਝੂ ਕਿਊਂ ਨਹੀਂ ਦਿਖਾਈ ਦੇ ਰਹੇ? ਜਵਾਨੀ ਨਸ਼ਿਆਂ ਦੇ ਹੜ੍ਹ ਵਿੱਚ ਹੜਦੀ ਜਾ ਰਹੀ ਹੈ ਤੇ ਭਗਵੰਤ ਮਾਨ ਸਰਕਾਰ ਫੌਕੀਆਂ ਮਸ਼ਹੂਰੀਆਂ ਵਿੱਚ ਵਿਅਸਤ ਹੈ।


ਇਸ ਟਵੀਟ ਵਿੱਚ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਹ ਦਾਅਵਾ ਕਰ ਰਹੇ ਸਨ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ ਨਸ਼ਾ ਖ਼ਤਮ ਕਰ ਦਿੱਤਾ ਜਾਵੇਗਾ।


ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੇ ਲੋਕਾਂ ਨੇ ਸਾਰੀਆਂ ਸਿਆਸੀ ਧਿਰਾਂ ਨੂੰ ਸਭ ਤੋਂ ਉੱਪਰਲੀ ਕੁਰਸੀ ਉੱਤੇ ਬੈਠਣ ਦਾ ਮੌਕਾ ਦਿੱਤਾ ਹੈ ਪਰ ਹਾਲੇ ਤੱਕ ਕੋਈ ਵੀ ਧਿਰ ਪੰਜਾਬ ਦੇ ਪਿੰਡਾਂ ਵਿੱਚੋਂ ਨੌਜਵਾਨਾਂ ਦੀਆਂ ਨਸ਼ੇ ਨਾਲ ਹੋ ਰਹੀਆਂ ਮੌਤਾਂ ਰੋਕਣ ਵਿੱਚ ਸਫ਼ਲ ਨਹੀਂ ਹੋਈ ਹੈ। ਬੇਸ਼ੱਕ ਸਰਕਾਰਾਂ ਕੁਝ ਵੀ ਕਹਿਣ ਪਰ ਨੌਜਵਾਨਾਂ ਦੀ ਵਿਦੇਸ਼ਾਂ ਵਿੱਚ ਹਿਜ਼ਰਤ ਵਿੱਚ ਨਸ਼ੇ ਦਾ ਸਭ ਤੋਂ ਵੱਡਾ ਯੋਗਦਾਨ ਹੈ।